ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਸੈਂਕੜੇ ਵਿਦਿਆਰਥੀਆਂ ਨੇ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਮਾਰਚ : The Tribune India

ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਸੈਂਕੜੇ ਵਿਦਿਆਰਥੀਆਂ ਨੇ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਮਾਰਚ

ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਸੈਂਕੜੇ ਵਿਦਿਆਰਥੀਆਂ ਨੇ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਮਾਰਚ

ਗੁਰਦੀਪ ਸਿੰਘ ਲਾਲੀ

ਸੰਗਰੂਰ, 22 ਮਾਰਚ

ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਅਣਗੌਲਿਆ ਕਰਨ ’ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਯੂਨੀਵਰਸਿਟੀ ਲਈ ਤੁਰੰਤ ਗਰਾਂਟ ਜਾਰੀ ਕਰਨ ਅਤੇ ਕਰਜ਼ਾ ਮੁਕਤ ਕਰਨ ਦੀ ਮੰਗ ਕੀਤੀ।

ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਵਿਦਿਆਰਥੀ ਇਥੇ ਨੈਸ਼ਨਲ ਹਾਈਵੇਅ ਦੇ ਸੰਗਰੂਰ-ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ, ਜਿਥੇ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਮੁੱਖ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਿਉਂ ਹੀ ਵਿਦਿਆਰਥੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਪੁਲੀਸ ਵਲੋਂ ਸਖਤ ਨਾਕੇਬੰਦੀ ਕਰਕੇ ਰੋਕ ਲਿਆ ਜਿਥੇ ਧਰਨਾ ਲਗਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਨੇ ਵਿੱਦਿਆ ਦੇ ਏਜੰਡੇ ਨੂੰ ਪਹਿਲ ਬਣਾ ਕੇ ਸੱਤਾ ਵਿੱਚ ਆਈ ਆਮ ਆਦਮੀ ਸਰਕਾਰ ਬਜਟ ਵਿੱਚ 750 ਕਰੋੜ ਤਾਂ ਇਸ਼ਤਿਹਾਰਬਾਜ਼ੀ ਲਈ ਰੱਖ ਰਹੀ ਹੈ, ਜਦਕਿ ਪੂਰੇ ਪੰਜਾਬ ਭਰ ਵਿੱਚ ਸਾਰੀਆਂ ਸਰਕਾਰੀ ਯੂਨੀਵਰਸਿਟੀ ਵਿੱਚ ਸਿਰਫ 990 ਕਰੋੜ ਰੁਪਏ ਹੀ ਰੱਖੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਨਿੱਜੀਕਰਨ ਅਤੇ ਭਗਵੇਂਕਰਨ ਦੀ ਨਵੀਂ ਸਿੱਖਿਆ ਨੀਤੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਈ ਜਾਵੇ। ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਪੂਰੀ ਗਰਾਂਟ ਤੁਰੰਤ ਜਾਰੀ ਕਰਦਿਆਂ ਇਸ ਨੂੰ 150 ਕਰੋੜ ਰੁਪਏ ਦੇ ਕਰਜ਼ੇ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਬਹੁਤ ਹੀ ਘੱਟ ਲੱਗਦੀਆਂ ਹਨ। ਇਸ ਲਈ 90 ਦਿਨ ਦੇ ਅਕਾਦਮਿਕ ਸਮੈਸਟਰ ਦੇ ਸੈਸ਼ਨ ਨੂੰ ਯਕੀਨੀ ਬਣਾਉਂਦਿਆਂ ਯੂਜੀਸੀ ਨਿਯਮਾਂ ਤਹਿਤ ਪੂਰੀਆਂ ਕਲਾਸਾਂ ਲਗਾਈਆਂ ਜਾਣ, ਜਨਰਲ ਵਰਗ ਲਈ ਐਲਾਨੀ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਨੂੰ ਲਾਗੂ ਕੀਤਾ ਜਾਵੇ, ਸਰਕਾਰੀ ਆਈਟੀਆਈਜ਼ ਵਿੱਚ ਅਧਿਆਪਕਾਂ ਦੀ ਭਰਤੀ, ਆਧੁਨਿਕ ਪਾਠਕ੍ਰਮ ਅਤੇ ਨਵੀਂ ਤਕਨੀਕ ਦੇ ਉਪਕਰਨਾਂ ਦਾ ਪ੍ਰਬੰਧ ਕਰਦਿਆਂ ਵਿਦਿਆਰਥੀਆਂ ਨੂੰ ਉਦਯੋਗਿਕ ਟ੍ਰੇਨਿੰਗ ਦੌਰਾਨ 10 ਹਜ਼ਾਰ ਪ੍ਰਤੀ ਮਹੀਨਾ ਟ੍ਰੇਨਿੰਗ ਭੱਤਾ ਦਿੱਤਾ ਜਾਵੇ, ਸਰਕਾਰ ਵੱਲੋਂ ਮੰਨੀ ਜਾ ਚੁੱਕੀ ਮੰਗ ਤਹਿਤ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਤੁਰੰਤ ਬਣਾਇਆ ਜਾਵੇ, ਕੇਂਦਰ ਤੇ ਰਾਜ ਸਰਕਾਰ ਘੱਟ ਗਿਣਤੀਆਂ ਨਾਲ ਭੇਦ-ਭਾਵ ਬੰਦ ਕਰੇ, ਪ੍ਰੀਮੈਟ੍ਰਿਕ ਤੇ ਮੌਲਾਨਾ ਆਜ਼ਾਦ ਫੈਲੋਸ਼ਿਪ ਨੂੰ ਬਹਾਲ ਕਰੇ ਅਤੇ ਦਲਿਤ ਵਿਦਿਆਰਥਣ ਡਾ. ਪੰਪੋਸ਼ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਧਰਨੇ ਨੂੰ ਸੂਬਾਈ ਆਗੂਆਂ, ਧੀਰਜ ਕੁਮਾਰ, ਰਵੀ ਰਸੂਲਪੁਰ, ਕੇਸ਼ਵ ਆਜ਼ਾਦ, ਸੁਖਦੀਪ ਹਥਨ, ਬਲਜੀਤ ਧਰਮਕੋਟ, ਮੰਗਲਜੀਤ ਪੰਡੋਰੀ, ਅਮਰ ਕ੍ਰਾਂਤੀ, ਜਸਪ੍ਰੀਤ ਰਾਜੇਆਣਾ, ਸੁਖਪ੍ਰੀਤ ਮੁਕਤਸਰ ਅਤੇ ਕਮਲ ਮਲੇਰਕੋਟਲਾ ਨੇ ਸੰਬੋਧਨ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਨੀਅਨ ਵਫ਼ਦ ਦੀ ਕੈਬਨਿਟ ਸਬ ਕਮੇਟੀ ਨਾਲ 13 ਅਪਰੈਲ ਨੂੰ ਮੀਟਿੰਗ ਤੈਅ ਕਰਾਉਣ ਮਗਰੋਂ ਧਰਨਾ ਸਮਾਪਤ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All