ਜੈਨ ਮੰਦਰ ਵਿੱਚ ਚੋਰੀ ਕਰਨ ਵਾਲੇ ਦੋ ਗ੍ਰਿਫ਼ਤਾਰ
ਮਾਲੇਰਕੋਟਲਾ ਪੁਲੀਸ ਨੇ ਜੰਮੂ-ਕੱਟੜਾ ਰੇਲ ਗੱਡੀ ਅਤੇ ਜੈਨ ਮੰਦਰ ’ਚੋਂ ਚੋਰੀ ਕੀਤੇ ਤਿੰਨ ਲੈਪਟਾਪ ਅਤੇ 12 ਮੋਬਾਈਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਡੀ ਐੱਸ ਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਮਾਲੇਰਕੋਟਲਾ ਦੇ ਮੁੱਖ ਅਫਸਰ ਇੰਸਪੈਕਟਰ ਦਲਜੀਤ ਸਿੰਘ...
ਮਾਲੇਰਕੋਟਲਾ ਪੁਲੀਸ ਨੇ ਜੰਮੂ-ਕੱਟੜਾ ਰੇਲ ਗੱਡੀ ਅਤੇ ਜੈਨ ਮੰਦਰ ’ਚੋਂ ਚੋਰੀ ਕੀਤੇ ਤਿੰਨ ਲੈਪਟਾਪ ਅਤੇ 12 ਮੋਬਾਈਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਡੀ ਐੱਸ ਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਮਾਲੇਰਕੋਟਲਾ ਦੇ ਮੁੱਖ ਅਫਸਰ ਇੰਸਪੈਕਟਰ ਦਲਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਵੱਲੋਂ 13 ਫਰਵਰੀ ਨੂੰ ਦਰਜ ਕੇਸ 38 ਤਹਿਤ ਮੁਲਜ਼ਮ ਮੁਹੰਮਦ ਸਹਿਬਾਜ਼ ਉਰਫ ਜੈਂਗੋ ਵਾਸੀ ਜਮਾਲਪੁਰਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਜੈਨ ਮੰਦਰ ਵਿੱਚੋਂ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਉਸ ਕੋਲੋਂ ਪੁਲੀਸ ਰਿਮਾਂਡ ਦੌਰਾਨ ਕੀਤੀ ਪੁੱਛ-ਗਿੱਛ ਉਪਰੰਤ ਦੋ ਹੋਰ ਵਿਅਕਤੀਆਂ ਮੁਹੰਮਦ ਸਹਿਬਾਜ਼ ਉਰਫ ਬੂਚਾ ਵਾਸੀ ਮੁਹੱਲਾ ਕਸਾਈਆਂ ਵਾਲਾ ਜਮਾਲਪੁਰਾ ਅਤੇ ਮੁਹੰਮਦ ਸਾਹਿਲ ਵਾਸੀ ਨੇੜੇ ਹੈਦਰ ਸ਼ੇਖ ਮਾਲੇਰਕੋਟਲਾ ਨੂੰ ਨਾਮਜ਼ਦ ਕੀਤਾ ਗਿਆ। ਤਫਤੀਸ਼ ਦੌਰਾਨ ਮੁੱਖ ਮੁਲਜ਼ਮ ਮੁਹੰਮਦ ਸਹਿਬਾਜ਼ ਉਰਫ ਜੈਂਗੋ ਪਾਸੋਂ ਜੰਮੂ-ਕੱਟੜਾ ਰੇਲਗੱਡੀ ਵਿੱਚੋਂ ਵੱਖ-ਵੱਖ ਯਾਤਰੀਆਂ ਪਾਸੋਂ ਚੋਰੀ ਕੀਤੇ 8 ਮੋਬਾਈਲ ਅਤੇ 3 ਲੈਪਟਾਪ ਬਰਾਮਦ ਕੀਤੇ ਗਏ। ਡੀ ਐੱਸ ਪੀ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਦੂਜੇ ਮੁਲਜ਼ਮ ਮੁਹੰਮਦ ਸਹਿਬਾਜ਼ ਉਰਫ ਬੂਚਾ ਕੋਲੋਂ ਵੀ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਸ਼ਹਿਰ ਵਿੱਚ ਹੋਈਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।

