ਪੱਲੇਦਾਰ ਯੂਨੀਅਨ ਵੱਲੋਂ ਰੋਸ ਮਾਰਚ ਕਰਕੇ ਆਵਾਜਾਈ ਠੱਪ

ਪੱਲੇਦਾਰ ਯੂਨੀਅਨ ਵੱਲੋਂ ਰੋਸ ਮਾਰਚ ਕਰਕੇ ਆਵਾਜਾਈ ਠੱਪ

ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਦਿੱਤੇ ਧਰਨੇ ਦੀ ਤਸਵੀਰ।

ਹਰਦੀਪ ਸਿੰਘ ਸੋਢੀ
ਧੂਰੀ 22 ਸਤੰਬਰ

ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਇਕੱਠੇ ਹੋਏ  ਕਾਰਕੁੰਨਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ  ਕੱਕੜਵਾਲ ਚੌਕ ਵਿੱਚ ਧਰਨਾ ਲਾਉਂਦੇ ਹੋਏ  ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਵਰਕਰਾਂ ਵਿਰੁੱਧ ਦਰਜ ਕੀਤਾ ਗਿਆ ਕੇਸ ਫੌਰੀ ਰੱਦ ਕੀਤਾ ਜਾਵੇ। 

  ਦੱਸਣਯੋਗ ਹੈ ਕਿ ਪੱਲੇਦਾਰ ਮਜ਼ਦੂਰ ਯੂਨੀਅਨ ਤੇ  ਠੇਕੇਦਾਰ ਦੇ ਨਿੱਜੀ ਮਜ਼ਦੂਰਾਂ ਵਿਚਕਾਰ ਕਣਕ ਦੀ ਲੋਡਿੰਗ ਨੁੰ ਲੈ ਕੇ ਲੰਘੇ ਦਿਨ ਆਪਸੀ ਤਕਰਾਰ ਹੋ ਗਈ ਸੀ ਜਿਸ ਵਿੱਚ  ਠੇਕੇਦਾਰ ਦੇ ਮਜ਼ਦੂਰ ਫੱਟੜ ਹੋ ਗਈ ਸੀ। ਇਸ ਲੜਾਈ ਤੋਂ ਬਾਅਦ ਪੁਲੀਸ ਵੱਲੋਂ ਗੌਰਵ ਪਾਸਵਾਨ ਵਾਸੀ ਖੰਨਾ ਦੇ ਬਿਆਨ ’ਤੇ ਮੁਕੱਦਮਾ ਨੰਬਰ 317 ਜ਼ੇਰ ਧਾਰਾ 307, 341, 323, 506, 148, 149 ਆਈ.ਪੀ.ਸੀ ਤਹਿਤ 7 ਪੱਲੇਦਾਰ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ  ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ,  ਅਮਰਜੀਤ ਸਿੰਘ ਨੇ ਕਿਹਾ ਕਿ ਗੁਦਾਮਾਂ ਵਿੱਚ ਜਿਨਸਾਂ ਦੀ ਢੋਆ ਢੁਆਈ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵਰਕਰ ਕਰਦੇ ਆ ਰਹੇ ਹਨ, ਪਰ ਵਿਭਾਗੀ ਮਿਲੀਭੁਗਤ ਨਾਲ ਇਹ ਟੈਂਡਰ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਗਿਆ ਹੈ ਜਦੋਂਕਿ ਉਨ੍ਹਾਂ ਵੱਲੋਂ ਘੱਟ ਰੇਟ ’ਤੇ ਟੈਂਡਰ ਪਾਇਆ ਗਿਆ ਸੀ ਪਰ ਪ੍ਰਸ਼ਾਸਨ ਨੇ ਜਿੱਥੇ ਇਹ ਟੈਂਡਰ ਕਿਸੇ ਹੋਰ ਬੰਦੇ ਨੂੰ ਦਿੱਤਾ ਉਥੇ ਉਨ੍ਹਾਂ ਦੇ ਬੰਦਿਆਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। 

  ਉਨ੍ਹਾਂ ਕਿਹਾ ਇਸ ਧੱਕੇਸ਼ਾਹੀ ਨੂੰ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਦੁਸਰੇ ਪਾਸੇ ਠੇਕੇਦਾਰ ਸੰਦੀਪ ਸਿੰਘ ਨੇ ਕਿਹਾ ਕਿ ਕਾਨੂੰਨ ਅਨੁਸਾਰ ਢੋਆ ਢੋਆਈ ਦਾ ਠੇਕਾ ਲਿਆ ਹੈ ਤੇ ਉਹ ਕਾਨੂੰਨ ਅਨੁਸਾਰ ਹੀ ਅੱਗੇ ਕੰਮ ਕਰਨਗੇ। ਇਸ ਸਬੰਧੀ ਧੂਰੀ ਦੇ ਐੱਸਡੀਐੱਮ ਲਤੀਫ ਅਹਿਮਦ ਨੇ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ ਤੇ ਇਨ੍ਹਾਂ ਦੋਵਾਂ ਧਿਰਾਂ ਨੂੰ ਕੱਲ੍ਹ ਮੀਟਿੰਗ ਲਈ ਸੱਦਿਆ ਹੈ। ਇਸ ਰੋਸ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਡਾ. ਅਨਵਰ ਭਸੌੜ, ਸੰਦੀਪ ਸਿੰਗਲਾ ਨੇ ਵੀ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All