Trade Union: ਮਜ਼ਦੂਰਾਂ ਨੇ ਮੁੱਖ ਮੰਤਰੀ ਖ਼ਿਲਾਫ਼ ਮਾਰਚ ਕੀਤਾ
ਟਰੇਡ ਯੂਨੀਅਨ ਸੀਟੂ ਦੇ ਸੱਦੇ ’ਤੇ ਪੰਜਾਬ ਭਰ ਵਿੱਚੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਨੇ ਸਥਾਨਕ ਦਾਣਾ ਮੰਡੀ ਵਿੱਚ ‘ਮੋਦੀ ਤੇ ਮਾਨ ਭਜਾਓ, ਮੁੜ ਕੇ ਇਨ੍ਹਾਂ ਨੂੰ ਮੁੰਹ ਨਾ ਲਾਓ’ ਦੇ ਨਾਅਰੇ ਤਹਿਤ ਸਰਕਾਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਉਪਰੰਤ...
ਟਰੇਡ ਯੂਨੀਅਨ ਸੀਟੂ ਦੇ ਸੱਦੇ ’ਤੇ ਪੰਜਾਬ ਭਰ ਵਿੱਚੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਨੇ ਸਥਾਨਕ ਦਾਣਾ ਮੰਡੀ ਵਿੱਚ ‘ਮੋਦੀ ਤੇ ਮਾਨ ਭਜਾਓ, ਮੁੜ ਕੇ ਇਨ੍ਹਾਂ ਨੂੰ ਮੁੰਹ ਨਾ ਲਾਓ’ ਦੇ ਨਾਅਰੇ ਤਹਿਤ ਸਰਕਾਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਉਪਰੰਤ ਸ਼ਹਿਰ ਵਿੱਚ ਮਾਰਚ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮਗਰੋਂ ਧੂਰੀ ਦੇ ਤਹਿਸੀਲਦਾਰ ਅਤੇ ਡੀ ਐੱਸ ਪੀ ਨੇ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ 19 ਨੂੰ ਸਰਕਾਰ ਦੇ ਪੈਨਲ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਅਨਾਜ ਮੰਡੀ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਅਤੇ ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾਂ ਸਿੰਘ ਰੌੜੀ, ਮਗਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਜਰਨਲ ਸਕੱਤਰ ਕਾਮਰੇਡ ਅਮਰਨਾਥ ਕੂੰਮ ਕਲਾਂ, ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ, ਆਲ ਇੰਡੀਆ ਕਿਸਾਨ ਸਭਾ ਕੁੱਲ ਹਿੰਦ ਸਕੱਤਰ ਕਾਮਰੇਡ ਮੇਜ਼ਰ ਸਿੰਘ ਪੁੰਨਾਵਾਲ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਫੌਰੀ ਤੌਰ ’ਤੇ ਮਗਨਰੇਗਾ ਨੂੰ ਬਹਾਲ ਕੀਤਾ ਜਾਵੇ, ਘੱਟੋ-ਘੱਟ ਉਜਰਤ 42,000 ਪ੍ਰਤੀ ਮਹੀਨਾ ਕੀਤੀ ਜਾਵੇ, ਸਕੀਮ ਵਰਕਰਾਂ ਨੂੰ ਫੌਰੀ ਤੌਰ ’ਤੇ ਘੱਟੋ-ਘੱਟ ਉਜਰਤਾਂ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਵੇ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਠੇਕੇਦਾਰੀ ਮਜ਼ਦੂਰ ਪ੍ਰਬੰਧ ਖ਼ਤਮ ਕੀਤਾ ਜਾਵੇ, ਉਸਾਰੀ ਵੈੱਲਫੇਅਰ ਬੋਰਡ ਦਾ ਪੈਸਾ ਵੋਟ ਬੈਂਕ ਲਈ ਵਰਤਣਾ ਬੰਦ ਕੀਤਾ ਜਾਵੇ, ਉਸਾਰੀ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਦਾ ਪੈਸਾ ਮਜ਼ਦੂਰਾਂ ਨੂੰ ਜਾਰੀ ਕੀਤਾ, ਔਫਲਾਈਨ ਰਜਿਸਟਰਡ ਕਰਨਾ ਸ਼ੁਰੂ ਕੀਤਾ ਜਾਵੇ, 21,000 ਰੁਪਏ ਮਹੀਨਾ ਬੁਢੇਪਾ ਪੈਨਸ਼ਨ ਕਰਨ ਦੇ ਨਾਲ-ਨਾਲ ਰਹਿੰਦੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣ। ਅਜਿਹਾ ਨਾ ਹੋਣ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਵਿਧਾਨ ਸਭਾ ਹਲਕੇ ਵਿੱਚ ‘ਆਪ’ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਲੋਟੇ, ਦਲਜੀਤ ਕੁਮਾਰ ਗੋਰਾ, ਸ਼ੇਰ ਸਿੰਘ ਫਰਵਾਹੀ, ਦੇਵ ਰਾਜ ਵਰਮਾ, ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ, ਸੁਭਾਸ਼ ਰਾਣੀ, ਅੰਮ੍ਰਿਤ ਕੌਰ, ਗੁਰਨਾਮ ਸਿੰਘ ਘਨੌਰ, ਨਾਇਬ ਸਿੰਘ ਲੋਚਮਾ, ਗੁਰਦੇਵ ਬਾਗ਼ੀ, ਪਰਮਜੀਤ ਨੀਲੋਂ, ਦਰਸ਼ਨ ਲਾਡੀ ਸਣੇ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

