ਟਰੇਡ ਯੂਨੀਅਨਾਂ ਅਤੇ ਕਿਸਾਨ ਮੋਰਚੇ ਦੇ ਆਗੂ ਗ੍ਰਿਫ਼ਤਾਰੀਆਂ ਲਈ ਪੇਸ਼
‘ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਨੂੰ ਸਮਰਪਿਤ ‘ਜੇਲ੍ਹ ਭਰੋ’ ਅੰਦੋਲਨ
ਦੇਸ਼ ਦੀਆਂ ਕੌਮੀ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਨੂੰ ਸਮਰਪਿਤ ਅੱਜ ਦੇਸ਼ ਭਰ ਅੰਦਰ ‘ਜੇਲ੍ਹ ਭਰੋ’ ਅੰਦੋਲਨ ਕੀਤਾ ਗਿਆ। ਅਨਾਜ ਮੰਡੀ ’ਚ ਇਕੱਠੇ ਹੋਣ ਤੋਂ ਬਾਅਦ ਮਾਰਚ ਕਰਦਿਆਂ ਡੀ ਸੀ ਦਫਤਰ ਅੱਗੇ ਪੁੱਜੇ ਅਤੇ ਗ੍ਰਿਫਤਾਰੀਆਂ ਲਈ ਪੇਸ਼ ਹੋਏ। ਇਸ ਤੋਂ ਪਹਿਲਾਂ ਅਨਾਜ ਮੰਡੀ ਵਿੱਚ ਏਟਕ ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ, ਸੀਟੂ ਦੇ ਜ਼ਿਲ੍ਹਾ ਸਕੱਤਰ ਇੰਦਰਪਾਲ ਪੁੰਨਾਵਾਲ, ਏਟਕ ਦੇ ਸੁਖਦੇਵ ਸ਼ਰਮਾ, ਆਲ ਇੰਡੀਆ ਕਿਸਾਨ ਸਭਾ ਦੇ ਮੇਜਰ ਪੁੰਨਾਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਗਤਾਰ ਸਿੰਘ ਕਾਲਾਝਾੜ, ਜਮਹੂਰੀ ਕਿਸਾਨ ਸਭਾ ਦੇ ਊਧਮ ਸੰਤੋਖਪੁਰਾ, ਆਂਗਣਬਾੜੀ ਮੁਲਾਜ਼ਮ ਯੂਨੀਅਨ ਦੀ ਜਿਲਾ ਪ੍ਰਧਾਨ ਜਸਵਿੰਦਰ ਕੌਰ, ਮਿਡ ਡੇ ਮੀਲ ਦੀ ਸੂਬਾਈ ਪ੍ਰਧਾਨ ਜਸਮੇਲ ਕੌਰ ਬੀਰ ਕਲਾ, ਮਰਰੇਗਾ ਮਜਦੂਰਾਂ ਦੇ ਪ੍ਰਧਾਨ ਰਾਮ ਸਿੰਘ ਸੋਹੀਆਂ, ਸਤਵੀਰ ਤੁੰਗਾਂ, ਏਕਟੂ ਦੇ ਗੋਬਿੰਦ ਛਾਜਲੀ, ਡਕੌਂਦਾ ਧਨੇਰ ਦੇ ਜਗਤਾਰ ਦੁੱਗਾਂ, ਰਾਜੇਵਾਲ ਤੋਂ ਕਸ਼ਮੀਰ ਘਰਾਚੋਂ, ਜਗਜੀਤ ਭੁਟਾਲ, ਦਰਸ਼ਨ ਕੁੰਨਰਾਂ, ਕਿਰਨਜੀਤ ਸੇਖੋਂ, ਜਗਜੀਤ ਭੁਟਾਲ ਜਮਹੂਰੀ ਅਧਿਕਾਰ ਸਭਾ, ਕਰਮਜੀਤ ਕੌਰ ਭਿੰਡਰਾਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਰਕਾਰ ਨੂੰ ਆੜੇ ਹੱਥੀਂ ਲਿਆ। ਆਗੂਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਜਿਸ ਕਰਕੇ ਦੇਸ਼ ਦੇ ਹਰ ਵਰਗ ਦਾ ਕਚੂਮਰ ਨਿਕਲਿਆ ਪਿਆ ਹੈ। ਦੇਸ਼ ਦਾ ਮਜ਼ਦੂਰ ਰੋਟੀ ਤੋਂ ਮੁਹਤਾਜ ਹੋ ਰਿਹਾ ਹੈ, ਕਿਸਾਨ ਦੀ ਖੇਤੀ ਬਾੜੀ ਘਾਟੇ ਦਾ ਸੌਦਾ ਬਣ ਚੁਕੀ ਹੈ। ਕੇਂਦਰ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੋਤੇ ਕਰਕੇ ਕਿਸਾਨੀ ਨੂੰ ਖਤਮ ਕਰ ਰਹੀ ਹੈ। ਦੇਸ਼ ਦੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਕਾਰੋਬਾਰ ਨਾ ਚੱਲਣ ਕਰਕੇ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਦਾ ਵਿਦਿਆਰਥੀ ਤੇ ਨੌਜਵਾਨ ਵਰਗ ਪੇਪਰ ਲੀਕ ਤੇ ਬੇਰੁਜਗਾਰੀ ਵਰਗੀਆਂ ਮਾਰਾਂ ਦਾ ਸਾਹਮਣਾ ਕਰ ਰਿਹਾ ਹੈ।
ਡੀ ਸੀ ਦਫ਼ਤਰ ਅੱਗੇ ਪੁੱਜੇ ਕਿਸਾਨ-ਮਜ਼ਦੂਰਾਂ ਨੇ ਗ੍ਰਿਫਤਾਰੀ ਲਈ ਪੇਸ਼ ਕੀਤਾ ਪਰੰਤੂ ਮੌਕੇ ’ਤੇ ਪੁੱਜੇ ਏ ਡੀ ਸੀ ਨੇ ਮੰਗ ਪੱਤਰ ਲੈਂਦਿਆਂ ਗ੍ਰਿਫ਼ਤਾਰੀਆਂ ਤੋਂ ਇਨਕਾਰ ਕਰ ਦਿੱਤਾ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਅਮਰੀਕਾ ਕਰ ਮੁਕਤ ਸਮਝੌਤਾ ਰੱਦ ਕਰਵਾਉਣ ਅਤੇ ਕਿਸਾਨ-ਮਜ਼ਦੂਰਾਂ ਦਾ ਕਰਜਾ ਮੁਆਫ ਕਰਵਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨ ਦੇ ਸੱਦੇ ’ਤੇ ਅੱਜ ਇੱਥੇ ਜ਼ਿਲ੍ਹਾ ਹੈਡਕੁਆਟਰ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਟਰੇਡ ਯੂਨੀਅਨਾ ਦੇ ਆਗੂਆਂ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਨ ਵਾਲ਼ਿਆਂ ’ਚ, ਬੂਟਾ ਸਿੰਘ ਸ਼ਾਦੀਪੁਰ, ਮਾਸਟਰ ਬਲਰਾਜ ਜੋਸ਼ੀ, ਨਿਰਮਲ ਧਾਲ਼ੀਵਾਲ਼, ਜਗਮੇਲ ਸਿੰਘ ਸੁੱਧੇਵਾਲ, ਇਕਬਾਲ ਮੰਡੌਲੀ, ਬਿਰਜ ਲਾਲ ਬਠੌਣੀਆ, ਅਵਤਾਰ ਕੌਰਜੀਵਾਲਾ, ਦਰਸ਼ਨ ਬੇਲੂਮਾਜਰਾ, ਜਗਪਾਲ ਸੰਧੂ, ਜਸਵਿੰਦਰ ਸੌਜਾ, ਅਮਰਜੀਤ ਘਨੌਰ, ਗੁਰਜੰਟ ਸਿੰਬੜੋ ਅਤੇ ਹਰਬੰਸ ਦਦਹੇੜਾ ਸਮੇਤ ਕਈ ਹੋਰਨਾ ਨੇ ਵੀ ਸੰਬੋਧਨ ਕੀਤਾ। ਬਾਅਦ ’ਚ ਇੱਕ ਅਧਿਕਾਰੀ ਨੇ ਧਰਨੇ ’ਚ ਪਹੁੰਚ ਕੇ ਮੰਗ ਪੱਤਰ ਵੀ ਹਾਸਲ ਕੀਤਾ, ਜੋ ਕਿਸਾਨਾ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਜਾਰੀ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਦੀ ਅਗਵਾਈ ਹੇਠ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਧਰਨਾ ਦਿੱਤਾ ਗਿਆ। ਇਸ ਮਗਰੋਂ ਸੁਨਾਮ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਤੁਲੀ ਹੋਈ ਹੈ, ਜਿਸ ਨੂੰ ਮੁਲਕ ਭਰ ਦੇ ਕਿਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।

