ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਅੰਦੋਲਨ ਪੂਰੇ ਸਿਖ਼ਰਾਂ ’ਤੇ ਹੈ। ਦੇਸ਼-ਵਿਦੇਸ਼ ’ਚ ਕਿਸਾਨ ਅੰਦੋਲਨ ਦੀ ਗੂੰਜ ਪੈ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ, ਰਿਲਾਇੰਸ ਪੰਪਾਂ ਅੱਗੇ ਅਤੇ ਟੌਲ ਪਲਾਜ਼ਿਆਂ ਉਪਰ ਚੱਲ ਰਹੇ ਰੋਸ ਧਰਨਿਆਂ ਦੌਰਾਨ ਜਿੱਥੇ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ’ਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ ਜਾ ਰਿਹਾ ਹੈ ਉੱਥੇ ਪਿੰਡਾਂ ਵਿੱਚ ਕਿਸਾਨ ਬੀਬੀਆਂ ਅਤੇ ਕਿਸਾਨਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਟਰੈਕਟਰ ਪਰੇਡ ਵਾਸਤੇ ਲਾਮਬੰਦ ਕਰਨ ਲਈ ਦਿੱਲੀ ਚੱਲੋ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਥੋਂ ਨੇੜਲੇ ਪਿੰਡ ਬਡਰੁੱਖਾਂ ਵਿਖੇ ਕਿਸਾਨ ਬੀਬੀਆਂ ਵਲੋਂ 26 ਜਨਵਰੀ ਦੀ ਟਰੈਕਟਰ ਪਰੇਡ ਲਈ ਲਾਮਬੰਦ ਕਰਨ ਵਾਸਤੇ ਮਾਰਚ ਕੱਢਿਆ ਗਿਆ। ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰੋਸ ਧਰਨੇ ਦੌਰਾਨ ਅੱਜ ਕਿਸਾਨਾਂ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਕਿਸਾਨ ਅੰਦੋਲਨ ਦੀ ਜਿੱਤ ਯਕੀਨੀ ਬਣਾਉਣ ਲਈ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਰਾਮ ਸਿੰਘ ਸੋਹੀਆਂ, ਰਘਵੀਰ ਸਿੰਘ ਛਾਜਲੀ, ਰੋਹੀ ਸਿੰਘ ਮੰਗਵਾਲ, ਇੰਦਰਪਾਲ ਸਿੰਘ ਪੁੰਨਾਂਵਾਲਾ, ਹਰਜੀਤ ਸਿੰਘ ਕਲੌਦੀ ਆਦਿ ਨੇ ਸੰਬੋਧਨ ਕੀਤਾ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਕਿਸਾਨਾਂ ਦਾ ਰੋਸ ਧਰਨਾ ਜਾਰੀ ਰਿਹਾ। ਇਸ ਤੋਂ ਇਲਾਵਾ ਪਿੰਡ ਬਡਰੁੱਖਾਂ ਵਿਚ ਕਿਸਾਨ ਬੀਬੀਆਂ ਵਲੋਂ ਜਾਗਰੂਕਤਾ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਚੱਲੋ ਦਾ ਹੋਕਾ ਦਿੱਤਾ ਗਿਆ। ਕਿਸਾਨ ਬੀਬੀਆਂ ਗੁਰਮੇਲ ਕੌਰ, ਅਮਰਜੀਤ ਕੌਰ, ਬਿਮਲ ਕੌਰ, ਚਰਨਜੀਤ ਕੌਰ ਜਸਵੀਰ ਕੌਰ, ਮਲਕੀਤ ਕੌਰ, ਅਮਰਜੀਤ ਕੌਰ, ਮਹਿੰਦਰ ਕੌਰ, ਗੁਰਮੀਤ ਕੌਰ ਆਦਿ ਅਗਵਾਈ ਹੇੇਠ ਕਿਸਾਨ ਬੀਬੀਆਂ ਵਲੋਂ ਮਾਰਚ ਦੌਰਾਨ ਘਰ-ਘਰ 26 ਜਨਵਰੀ ਦੀ ਟਰੈਕਟਰ ਪਰੇਡ ਦਾ ਸੁਨੇਹਾ ਲਗਾਇਆ ਗਿਆ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 26 ਜਨਵਰੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਦਿੱਲੀ ਵੱਲ ਵਹੀਰਾਂ ਘੱਤ ਦੇਣ ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ):ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਨੈਸ਼ਨਲ ਹਾਈਵੇਅ ’ਤੇ ਸਥਿੱਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਵਿਸ਼ਵ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ ਅਤੇ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਕੋਸ਼ ਨੇ ਇੱਕ ਬਿਆਨ ਵਿੱਚ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਸੁਧਾਰ ਬਿੱਲਾਂ ਦੀ ਪ੍ਰੋੜਤਾ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਖੇਤੀ ਖ਼ੇਤਰ ਵਿੱਚ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੇ ਕਿਹਾ ਗਿਆ ਹੈ। ਅਸਲ ਵਿੱਚ ਇਹ ਸੰਸਥਾਵਾਂ ਪੂਰੀ ਦੁਨੀਆਂ ਵਿੱਚ ਮਿਹਨਤਕਸ਼ ਲੋਕਾਂ ਦੀ ਲੁੱਟ ਕਰਨ ਲਈ ਬਣਾਈਆਂ ਗਈਆਂ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਦਿੱਤੇ ਗਏ ਕਰਜ਼ੇ ਸਬੰਧਤ ਦੇਸ਼ ਵਿੱਚ ਸਾਮਰਾਜੀ ਮੁਲਕਾਂ ਦੀਆਂ ਲੋੜਾਂ ਮੁਤਾਬਿਕ ਨੀਤੀਆਂ ਲਾਗੂ ਕਰਨ ਨੂੰ ਮਜਬੂਰ ਕਰਦੇ ਹਨ। ਇਹਨਾਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਤਾਹਿਤ ਹੀ ਦੇਸ਼ਾਂ ਦੇ ਵਪਾਰ ਤਹਿ ਕੀਤੇ ਜਾਂਦੇ ਹਨ।