ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਸਤੰਬਰ
ਇੱਥੇ ਮਹਿਲਾਂ ਰੋਡ ’ਤੇ ਸਥਿਤ ਟਾਇਰਾਂ ਦੇ ਇੱਕ ਸ਼ੋਅਰੂਮ ਦਾ ਸ਼ਟਰ ਤੋੜ ਕੇ ਬੀਤੀ ਰਾਤ ਚੋਰ ਲੱਖਾਂ ਰੁਪਏ ਦੇ ਟਾਇਰ ਚੋਰੀ ਕਰ ਕੇ ਲੈ ਗਏ। ਸਿਟੀ-1 ਦੀ ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ ਗਿਆ ਅਤੇ ਚੋਰਾਂ ਦਾ ਸੁਰਾਗ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰਭੀ ਟਾਇਰ ਸ਼ੋਅਰੂਮ ਦੇ ਮਾਲਕ ਰਾਵਿੰਦਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਐਮ.ਆਰ.ਐਫ਼ ਕੰਪਨੀ ਦੇ ਟਾਇਰਾਂ ਦਾ ਸ਼ੋਅਰੂਮ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਛੇ ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਦਾ ਸ਼ਟਰ ਟੁੱਟਿਆ ਪਿਆ ਹੈ। ਜਦੋਂ ਆ ਕੇ ਦੇਖਿਆ ਤਾਂ ਇੱਕ ਪਾਸੇ ਤੋਂ ਸ਼ਟਰ ਖਿੱਚ ਕੇ ਤੋੜਿਆ ਹੋਇਆ ਸੀ ਅਤੇ ਸ਼ੀਸ਼ੇ ਵਾਲਾ ਗੇਟ ਭੰਨ੍ਹ ਕੇ ਚੋਰ ਅੰਦਰ ਦਾਖਲ ਹੋਏ ਅਤੇ ਕਰੀਬ 150-200 ਟਾਇਰ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸ਼ੋਅਰੂਮ ’ਚੋਂ ਡੀ.ਵੀ.ਆਰ. ਅਤੇ ਹੋਰ ਸਾਮਾਨ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਟਾਇਰਾਂ ਦੀ ਕੀਮਤ ਲਗਭਗ ਛੇ ਲੱਖ ਰੁਪਏ ਬਣਦੀ ਹੈ। ਮੌਕੇ ’ਤੇ ਸਿਟੀ-1 ਪੁਲੀਸ ਦੇ ਐੱਸ.ਐੱਚ.ਓ. ਕਰਮਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਏਰੀਏ ’ਚ ਸੀਸੀਟੀਵੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਅਤੇ ਜਲਦ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ।