DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸਿਆਂ ਵਿੱਚ ਮਾਂ-ਧੀ ਸਣੇ ਤਿੰਨ ਮੌਤਾਂ, ਨੌਂ ਜ਼ਖ਼ਮੀ

ਨਾਭਾ ਵਿੱਚ ਦੋ ਕਾਰਾਂ ਦੀ ਸਿੱਧੀ ਟੱਕਰ ਅਤੇ ਸੰਗਰੂਰ ਵਿੱਚ ਮੋਟਰਸਾੲੀਕਲ ਨੂੰ ਬਚਾਉਂਦਿਆਂ ਵਾਹਨ ਪਲਟਿਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ਨੇੜੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਪਲਟੀ ਹੋਈ ਕਾਰ।
Advertisement

ਸੰਗਰੂਰ/ਨਾਭਾ (ਗੁਰਦੀਪ ਸਿੰਘ ਲਾਲੀ/ਮੋਹਿਤ ਸਿੰਗਲਾ): ਸੰਗਰੂਰ ਅਤੇ ਨਾਭਾ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ ਮਾਂ-ਧੀ ਸਮੇਤ ਤਿੰਨ ਮੌਤਾਂ ਹੋ ਗਈਆਂ, ਜਦਕਿ ਨੌਂ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫੌਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹੈ। ਨਾਭਾ ਵਿੱਚ ਨਜ਼ਦੀਕ ਨੌਂ ਗਜਾ ਪੀਰ ਦੀ ਸਮਾਧ ਕੋਲ ਅੱਜ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਮਾਂ-ਧੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਦੇ ਮੱਦੇਨਜ਼ਰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਮੂਲਾ ਬੱਧਾ ਨਿਵਾਸੀ ਅੰਮ੍ਰਿਤ ਸਿੰਘ ਆਪਣੇ ਪਰਿਵਾਰ ਨਾਲ ਕਾਰ ਵਿੱਚ ਜਾ ਰਿਹਾ ਸੀ ਕਿ ਸਾਹਮਣਿਓਂ ਆਉਂਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ। ਅੰਮ੍ਰਿਤ ਸਿੰਘ ਦੀ ਪਤਨੀ ਅਮਰਪ੍ਰੀਤ ਕੌਰ (30) ਤੇ ਉਸਦੀ ਧੀ ਅਰਜ਼ੋਈ ਕੌਰ (ਤਿੰਨ ਮਹੀਨੇ) ਦੀ ਮੌਤ ਹੋ ਗਈ।

ਦੂਸਰੀ ਕਾਰ ਵਿੱਚ ਦਸ ਸਾਲਾ ਬੱਚੀ ਸਮੇਤ ਤਿੰਨ ਜਣੇ ਸਵਾਰ ਸਨ। ਉਹ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ। ਬੱਚੀ ਤੇ ਉਸਦੀ ਮਾਤਾ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਜ਼ਖਮੀ ਵੀ ਮੂਲਾ ਬੱਧਾ ਪਿੰਡ ਦੇ ਹੀ ਵਸਨੀਕ ਹਨ ਤੇ ਉਨ੍ਹਾਂ ਦੀ ਪਛਾਣ ਸੁਰਪਾਲ ਸਿੰਘ, ਉਸ ਦੀ ਪਤਨੀ ਰਮਨਜੀਤ ਕੌਰ ਤੇ ਧੀ ਰਵਨੀਤ ਕੌਰ ਵਜੋਂ ਹੋਈ। ਨਾਭਾ ਸਦਰ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਇਸੇ ਦੌਰਾਨ ਸੰਗਰੂਰ ਨੇੜੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਔਰਤ ਦੀ ਮੌਤ ਹੋ ਗਈ, ਜਦੋਂਕਿ ਛੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫੌਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿਚ ਵਪਾਰ ਮੰਡਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਵੀ ਸ਼ਾਮਲ ਹਨ। ਥਾਣਾ ਸਦਰ ਪੁਲੀਸ ਸੰਗਰੂਰ ਵਲੋਂ ਦੋਵੇਂ ਸੜਕ ਹਾਦਸਿਆਂ ਦੇ ਸਬੰਧ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਜਾਣਕਾਰੀ ਅਨੁਸਾਰ ਸਥਾਨਕ ਮਹਿਲਾਂ ਰੋਡ ’ਤੇ ਮੰਗਤ ਰਾਏ ਆਪਣੀ ਪਤਨੀ ਮਮਤਾ ਰਾਣੀ ਵਾਸੀ ਦਿੜ੍ਹਬਾ ਸਮੇਤ ਸਕੂਟੀ ’ਤੇ ਸ਼ਹਿਰ ਵੱਲ ਆ ਰਹੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਪੁਲ ਨਜ਼ਦੀਕ ਇੱਟਾਂ ਦੀ ਭਰੀ ਪਿੱਛੋਂ ਆ ਰਹੀ ਟਰੈਕਟਰ-ਟਰਾਲੀ ਨੇ ਸਕੂਟੀ ਨੂੰ ਲਪੇਟ ਵਿਚ ਲੈ ਲਿਆ। ਇਸ ਦੌਰਾਨ ਮਮਤਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸਦਾ ਪਤੀ ਮੰਗਤ ਰਾਏ ਜ਼ਖ਼ਮੀ ਹੋ ਗਿਆ। ਉਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਭਿੰਡਰਾਂ ਨਜ਼ਦੀਕ ਕਾਰ ਅਤੇ ਮੋਟਰਸਾਈਕਲਾਂ ਦੀ ਟੱਕਰ ਵਿੱਚ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਕਾਰ ਚਾਲਕ ਵੰਲੋਂ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਵਾਪਰਿਆ ਅਤੇ ਕਾਰ ਖਤਾਨਾਂ ਵਿਚ ਜਾ ਕੇ ਪਲਟ ਗਈ। ਕਾਰ ਸਵਾਰ ਵਪਾਰ ਮੰਡਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਟੀਟੂ, ਕਾਰ ਚਾਲਕ ਗੁਰਪ੍ਰੀਤ ਸਿੰਘ ਅਤੇ ਇੱਕ ਹੋਰ ਨੌਜਵਾਨ ਰੌਬਿਨ ਜ਼ਖ਼ਮੀ ਹੋ ਗਏ ਜਦੋਂਕਿ ਮੋਟਰਸਾਈਕਲ ਸਵਾਰ ਸਤਨਾਮ ਸਿੰਘ ਅਤੇ ਸੱਤੀ ਸਿੰਘ ਵਾਸੀਆਨ ਭਿੰਡਰਾਂ ਦੇ ਵੀ ਸੱਟਾਂ ਲੱਗੀਆਂ ਹਨ।

Advertisement
×