Robbery and Shooting Case:ਸੇਵਾਦਾਰ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਕਾਰ ਤੇ ਅਸਲਾ ਬਰਾਮਦ; ਲੁੱਟ-ਖੋਹ ਦੇ ਇਰਾਦੇ ਨਾਲ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਪਿੰਡ ਬਡਰੁੱਖਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਰਾਤ ਨੂੰ ਲੁੱਟ-ਖੋਹ ਦੀ ਨੀਅਤ ਨਾਲ ਦਾਖ਼ਲ ਹੋ ਕੇ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੀ ਘਟਨਾ ਨੂੰ 12 ਘੰਟਿਆਂ ਵਿੱਚ ਟਰੇਸ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਅੱਧੀ ਰਾਤ ਲਗਪਗ ਡੇਢ ਵਜੇ ਚਾਰ ਅਣਪਛਾਤਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਸੁੱਤੇ ਪਏ ਸੇਵਾਦਾਰਾਂ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਲਾਂਗਰੀ ਸੇਵਾਦਾਰ ਜਸਵੰਤ ਸਿੰਘ ਉੱਤੇ ਗੋਲੀ ਚਲਾ ਦਿੱਤੀ ਗਈ, ਜਿਸ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਪੁਲੀਸ ਨੇ ਤਕਨੀਕੀ ਅਤੇ ਮਨੁੱਖੀ ਸਹਾਇਤਾ ਨਾਲ ਤਿੰਨ ਮੁਲਜ਼ਮਾਂ ਸਰਬਜੀਤ ਸਿੰਘ ਉਰਫ਼ ਸਰਬਾ, ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਕੱਟੂ, ਜ਼ਿਲ੍ਹਾ ਬਰਨਾਲਾ ਅਤੇ ਗੁਰਜੀਤ ਸਿੰਘ ਉਰਫ਼ ਬੱਬੂ ਵਾਸੀ ਮਹਿਰਾਜ, ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਸਵਿਫ਼ਟ ਕਾਰ, ਦੋ .32 ਬੋਰ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਹੋਏ ਹਨ, ਜਦਕਿ ਇੱਕ ਹੋਰ ਸਾਥੀ ਗਗਨਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ।
ਪੁਲੀਸ ਮੁਖੀ ਨੇ ਖ਼ੁਲਾਸਾ ਕੀਤਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਸਰਬਜੀਤ ਸਿੰਘ ਅਤੇ ਗੁਰਜੀਤ ਸਿੰਘ ਨੇੜਲੇ ਗੁਰਦੁਆਰਾ ਅੜੀਸਰ ਸਾਹਿਬ ਵਿੱਚ ਲਾਂਗਰੀ ਅਤੇ ਟਰੱਕ ਡਰਾਈਵਰ ਵਜੋਂ ਸੇਵਾ ਨਿਭਾਉਂਦੇ ਹਨ। ਕਾਰ ਸੇਵਾ ਚੱਲਣ ਕਾਰਨ ਉਨ੍ਹਾਂ ਨੂੰ ਸ਼ੱਕ ਸੀ ਕਿ ਬਡਰੁੱਖਾਂ ਵਿੱਚ ਭਾਰੀ ਨਗਦੀ ਹੋਵੇਗੀ। ਪੁਲੀਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

