ਸੰਗਰੂਰ ਜ਼ਿਲ੍ਹਾ ਪੁਲੀਸ ਨੇ ਧੂਰੀ ਵਿੱਚ ਇੱਕ ਰਿਹਾਇਸ਼ੀ ਮਕਾਨ ’ਤੇ ਪੈਟਰੋਲ ਬੰਬ ਸੁੱਟਣ ਵਾਲੀ ਵਾਰਦਾਤ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਵਾਰਦਾਤ ਵੇਲੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 20 ਅਪਰੈਲ ਦੀ ਰਾਤ ਕਰੀਬ 11 ਵਜੇ ਧੂਰੀ ਦੇ ਵਸਨੀਕ ਦਰਸ਼ਨ ਕੁਮਾਰ ਦੇ ਘਰ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਨਾਲ ਭਰੀ ਕੱਚ ਦੀ ਬੋਤਲ ਨੂੰ ਅੱਗ ਲਾ ਕੇ ਸੁੱਟਿਆ ਸੀ। ਇਸ ਮਾਮਲੇ ਸਬੰਧੀ ਥਾਣਾ ਸਿਟੀ ਧੂਰੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਸੀਨੀਅਰ ਸੁਪਰਡੈਂਟ ਪੁਲੀਸ (ਐੱਸ ਐੱਸ ਪੀ) ਚਾਹਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਪਰਡੈਂਟ ਪੁਲੀਸ (ਇਨਵੈਸਟੀਗੇਸ਼ਨ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਅਤੇ ਡਿਪਟੀ ਸੁਪਰਡੈਂਟ ਪੁਲੀਸ (ਡੀ ਐੱਸ ਪੀ) ਧੂਰੀ ਗੁਰਪ੍ਰੀਤ ਸਿੰਘ ਤੇ ਡਿਪਟੀ ਸੁਪਰਡੈਂਟ ਪੁਲੀਸ (ਡਿਟੈਕਟਿਵ) ਸੰਜੀਵ ਸਿੰਗਲਾ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵਿੱਚ ਸੀ ਆਈ ਏ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੂੰ ਸ਼ਾਮਲ ਕਰਕੇ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਤਫ਼ਤੀਸ਼ ਦੌਰਾਨ ਪੁਲੀਸ ਟੀਮਾਂ ਨੇ ਮੁਲਜ਼ਮਾਂ ਵੰਸ਼ ਉਰਫ਼ ਕਾਲੀ, ਸਮੀਰ ਉਰਫ਼ ਕਾਕਾ ਅਤੇ ਸਮੀਰ ਉਰਫ਼ ਪੋਪੀ, ਜੋ ਧੂਰੀ ਬੱਸ ਸਟੈਂਡ ਨੇੜੇ ਦੇ ਰਹਿਣ ਵਾਲੇ ਹਨ, ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਸੀ, ਜਿਸ ਨੂੰ ਦੇਖਦਿਆਂ ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ।
ਗ਼ਲਤੀ ਨਾਲ ਕਿਸੇ ਹੋਰ ਘਰ ’ਤੇ ਕੀਤਾ ਹਮਲਾ
ਪੁਲੀਸ ਦੀ ਡੂੰਘਾਈ ਨਾਲ ਕੀਤੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਹੈਰਾਨੀਜਨਕ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਹਮਲਾ ਧੂਰੀ ਦੇ ਹੀ ਰਹਿਣ ਵਾਲੇ ਰੋਹਿਤ ਉਰਫ਼ ਘੋੜਾ ਦੇ ਕਹਿਣ ’ਤੇ ਕੀਤਾ ਗਿਆ ਸੀ। ਅਸਲ ਨਿਸ਼ਾਨਾ ਰੋਹਿਤ ਦਾ ਸਹੁਰਾ ਰਣਜੀਤ ਸਿੰਘ ਸੀ, ਪਰ ਮੁਲਜ਼ਮਾਂ ਨੇ ਗ਼ਲਤੀ ਨਾਲ ਦਰਸ਼ਨ ਕੁਮਾਰ ਦੇ ਮਕਾਨ ਨੂੰ ਨਿਸ਼ਾਨਾ ਬਣਾ ਲਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਸੰਭਾਵਨਾ ਜਤਾਈ ਕਿ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ ਅਤੇ ਮੁੱਖ ਸਾਜ਼ਿਸ਼ਘਾੜੇ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

