ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਗਸਤ
ਇੱਥੇ ਅਨਾਜ ਮੰਡੀ ਵਿੱਚ ਬੀਤੀ ਰਾਤ ਯੈੱਸ ਬੈਂਕ ਦਾ ਏਟੀਐੱਮ ਤੋੜਨ ਵਾਲੇ ਤਿੰਨ ਮੁਲਜ਼ਮ ਭਵਾਨੀਗੜ੍ਹ ਪੁਲੀਸ ਨੇ 15 ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਲਏ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਅੱਜ ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪਿਛਲੀ ਰਾਤ ਚੋਰ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਸਥਿਤ ਯੈੱਸ ਬੈਂਕ ਦੇ ਏਟੀਐੱਮ ਨੂੰ ਤੋੜਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਨੇੜਲੇ ਦੂਜੀ ਬੈਂਕ ਦੇ ਗਾਰਡ ਦੀ ਹਿਲਜੁਲ ਤੋਂ ਡਰਦਿਆਂ ਭੱਜ ਗਏ। ਉਨ੍ਹਾਂ ਦੱਸਿਆ ਕਿ ਇਤਲਾਹ ਮਿਲਦਿਆਂ ਹੀ ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉੁਨ੍ਹਾਂ ਦੱਸਿਆ ਕਿ ਚੋਰਾਂ ਨੇ ਏਟੀਐੱਮ ਤੋੜ ਲਿਆ ਸੀ, ਪਰ ਪੈਸੇ ਚੋਰੀ ਹੋਣ ਤੋਂ ਬਚ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਕੁੱਝ ਸੰਕੇਤਾਂ ਦੇ ਅਧਾਰ ’ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲੀਸ ਨੇ ਤਹਿਕੀਕਾਤ ਉਪਰੰਤ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ੀ, ਅਮਨਦੀਪ ਸਿੰਘ ਉਰਫ ਅਮਨ ਅਤੇ ਹਰਵਿੰਦਰ ਸਿੰਘ ਉਰਫ ਵਿੱਕੀ ਸਾਰੇ ਵਾਸੀਅਨ ਭੱਟੀਵਾਲ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਏਟੀਐੱਮ ਤੋੜਨ ਵਾਲੇ ਔਜਾਰ ਵੀ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਵਿੱਕੀ ਖਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।