ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ ਐੱਸ ਡੀ ਰਾਜਵੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿੱਚ ਸੀ ਬੀ ਆਈ ਦੀ ਟੀਮ ਮਾਰੇ ਛਾਪੇ ਦੌਰਾਨ ਕੇਂਦਰੀ ਏਜੰਸੀ ਦੇ ਵਾਹਨ ’ਤੇ ਫੁੱਲ ਵਰਸਾ ਕੇ ਸਵਾਗਤ ਕਰਨ ਵਾਲੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿਚ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਿਵਲ ਕੱਪੜਿਆਂ ’ਚ ਪੁਲੀਸ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੈ ਲੰਕੇਸ਼ ਦੇ ਘਰ ਪੁੱਜੀ ਅਤੇ ਨਾਲ ਲੈ ਗਈ। ਇਹ ਦੋਵੇਂ ਆਗੂ ਮੋਹਣਜੀਤ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਦੋਵੇਂ ਆਗੂਆਂ ਨੇ ਕੁੱਝ ਹੋਰ ਵਿਅਕਤੀਆਂ ਸਮੇਤ ਪਿੰਡ ਘਰਾਚੋਂ ਵਿੱਚ ਪੁੱਜ ਕੇ ਉਸ ਸਮੇਂ ਸੀ ਬੀ ਆਈ ਦੀ ਗੱਡੀ ’ਤੇ ਫੁੱਲ ਸੁੱਟ ਕੇ ਛਾਪੇਮਾਰੀ ਦਾ ਸਵਾਗਤ ਕੀਤਾ ਸੀ, ਜਦੋਂ ਮੁੱਖ ਮੰਤਰੀ ਦੇ ਓ ਐੱਸ ਡੀ ਦੇ ਘਰ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਚੱਲ ਰਹੀ ਸੀ। ਮੋਹਣਜੀਤ ਸਿੰਘ ਸ਼ੇਰੋਂ ਨੇ ਦੋਵਾਂ ਆਗੂਆਂ ਖ਼ਿਲਾਫ਼ ਕਾਰਵਾਈ ਦਾ ਵਿਰੋਧ ਕਰਦਿਆਂ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ। ਲਗਪਗ ਪੰਜ ਘੰਟੇ ਭਵਾਨੀਗੜ੍ਹ ਥਾਣੇ ਵਿਚ ਰੱਖਣ ਮਗਰੋਂ ਦੋਵੇਂ ਆਗੂਆਂ ਨੂੰ ਛੱਡ ਦਿੱਤਾ ਗਿਆ। ਚਮਨਦੀਪ ਸਿੰਘ ਮਿਲਖੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਸੂਰ ਸਿਰਫ਼ ਸੀ ਬੀ ਆਈ ਛਾਪੇਮਾਰੀ ਦਾ ਸਵਾਗਤ ਕਰਨਾ ਸੀ।
ਥਾਣਾ ਮੁਖੀ ਮੁਅੱਤਲ
ਭਵਾਨੀਗੜ੍ਹ ਥਾਣੇ ਦਾ ਮੁਖੀ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਾ ਮੁਖੀ ਨੂੰ ਪੁਰਾਣੇ ਮਾਮਲੇ ਵਿੱਚ ਪ੍ਰਬੰਧਕੀ ਕਾਰਨਾਂ ਕਰ ਕੇ ਮੁਅੱਤਲ ਕੀਤਾ ਗਿਆ ਹੈ। ਦੂਜੇ ਪਾਸੇ ਸਿਆਸੀ ਹਲਕਿਆਂ ’ਚ ਥਾਣਾ ਮੁਖੀ ਦੀ ਮੁਅੱਤਲੀ ਨੂੰ ਸੀ ਬੀ ਆਈ ਦੀ ਗੱਡੀ ’ਤੇ ਫੁੱਲ ਵਰਸਾਉਣ ਦੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

