ਮੋਹਣਜੀਤ ਤੇ ਤੂਰਬੰਜਾਰਾ ਮਾਮਲਿਆਂ ਦੀ ਨਿਰਪੱਖ ਜਾਂਚ ਹੋਵੇ: ਮਾਨ
ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਧਰਨਾ ਜਾਰੀ
ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ਅਤੇ ਪਿੰਡ ਤੂਰਬੰਜ਼ਾਰਾ ਦੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣ ਦੇ ਉਲੀਕੇ ਸੰਘਰਸ਼ ਤਹਿਤ ਅੱਜ ਛੇਵੇਂ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੜੀਵਾਰ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸਮੇਤ ਪਾਰਟੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਹਣਜੀਤ ਸਿੰਘ ਅਤੇ ਗੁਲਜ਼ਾਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾ ਕੇ ਕੋਈ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੋਹਣਜੀਤ ਅਤੇ ਗੁਲਜ਼ਾਰ ਦੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਦਲੀਲ ਨਾਲ ਦੇਣਾ ਚਾਹੀਦਾ ਸੀ। ਉਨ੍ਹਾਂ ਮੋਹਣਜੀਤ ਸਿੰਘ ਅਤੇ ਗੁਲਜ਼ਾਰ ਸਿੰਘ ਨਾਲ ਵਾਪਰੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿਰਫ਼ ਸਿਆਸੀ ਬਿਆਨਾਂ ਨਾਲ ਫ਼ੈਸਲਾ ਨਹੀਂ ਹੋ ਸਕਦਾ ਅਤੇ ਨਾ ਹੀ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਜਵਾਬਦੇਹੀ ਮੰਨਿਆ ਜਾ ਸਕਦਾ ਹੈ। ਉਨ੍ਹਾਂ ਮੋਹਣਜੀਤ ਸਿੰਘ ਸ਼ੇਰੋਂ, ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜ਼ਾਰਾ ਅਤੇ ਪਿੰਡ ਨਮੋਲ ਦੇ ਜਗਸੀਰ ਸਿੰਘ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਅਤੇ ਸ਼ਿਕਾਇਤਕਰਤਾਵਾਂ, ਗਵਾਹਾਂ ਅਤੇ ਮੁਲਜ਼ਮਾਂ ਸਭ ਦੀ ਕਾਨੂੰਨੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਰਿਕਾਰਡ ਗੁੰਮ ਹੋ ਜਾਣ, ਜਾਂਚ ਪ੍ਰਭਾਵ ਹੇਠ ਹੋਵੇ, ਪਰਿਵਾਰਾਂ ਨੂੰ ਡਰਾਇਆ ਜਾਵੇ ਜਾਂ ਕੇਸ ਸਾਲਾਂ ਤੱਕ ਲਟਕ ਜਾਣ ਤਾਂ ਇਨਸਾਫ਼ ਔਖਾ ਹੋ ਜਾਂਦਾ ਹੈ। ਧਰਨੇ ਨੂੰ ਇਮਾਨ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸਤਨਾਮ ਸਿੰਘ ਰੱਤੋਕੇ, ਐਡਵੋਕੇਟ ਜਗਮੀਤ ਸਿੰਘ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਆਦਿ ਨੇ ਸੰਬੋਧਨ ਕੀਤਾ।

