ਸੰਗਰੂਰ ਵਿੱਚ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਘਾਟ ਨਹੀਂ: ਡੀ ਸੀ
ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਕੋਲ 8,623 ਖੇਤੀਬਾੜੀ ਸੰਦ ਮੌਜੂਦ; ਮਸ਼ੀਨਰੀ ਹਰ ਕਿਸਾਨ ਤੱਕ ਪਹੁੰਚਾਉਣ ਲਈ ਕੰਟਰੋਲ ਰੂਮ
Advertisement
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਪਰਾਲੀ ਦੇ ਯੋਗ ਨਿਪਟਾਰੇ ਲਈ ਮਸ਼ੀਨਰੀ ਦੀ ਸੰਗਰੂਰ ਵਿੱਚ ਕੋਈ ਕਮੀ ਨਹੀਂ ਹੈ। ਜ਼ਿਲ੍ਹੇ ਵਿੱਚ 8623 ਵਾਤਾਵਰਨ ਪੱਖੀ ਮਸ਼ੀਨਾਂ ਵੱਖ-ਵੱਖ ਕਿਸਾਨਾਂ, ਕਸਟਮ ਹਾਈਰਿੰਗ ਸੈਂਟਰਾਂ (ਸੀ.ਐਚ.ਸੀਜ), ਕੋਆਪ੍ਰੇਟਿਵ ਸੋਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਕੋਲ ਉਪਲੱਬਧ ਹਨ। ਇਨ੍ਹਾਂ ਵਿੱਚ ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਆਰ.ਐੱਮ.ਬੀ. ਪਲਾਓ, ਜ਼ੀਰੋ ਟਿੱਲ ਡਰਿੱਲ, ਸੁਪਰ ਐਸ.ਐਮ.ਐਸ, ਟਰੈਕਟਰ, ਸੁਪਰ ਸੀਡਰ, ਸਮਾਰਟ ਸੀਡਰ, ਨਮੀ ਮੀਟਰ, ਬੇਲਰ, ਰੇਕ, ਸ਼ਰੱਬ ਮਾਸਟਰ, ਕਰੋਪ ਰੀਪਰ ਅਤੇ ਸਰਫੇਸ ਸੀਡਰ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਦੇ ਯਤਨਾਂ ਵਿੱਚ ਵਾਧਾ ਕਰਦਿਆਂ ਜ਼ਿਲ੍ਹਾ ਪੱਧਰ ਉਪਰ ਕੰਟਰੋਲ ਰੂਮ ਸਥਾਪਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵਾਸਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਬਸਿਡੀ ਵਾਲੀਆਂ ਮਸ਼ੀਨਾਂ ਕਿਸਾਨਾਂ, ਕਸਟਮ ਹਾਈਰਿੰਗ ਸੈਂਟਰਾਂ (ਸੀ.ਐੱਚ.ਸੀਜ਼), ਕੋਆਪ੍ਰੇਟਿਵ ਸੋਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਮੁਹੱਈਆ ਕਰਵਾਈਆਂ ਹਨ। ਡੀ ਸੀ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸੂਚਨਾ ਮਿਲਣ ਉੱਤੇ ਲਾਈਨ ਵਿਭਾਗਾਂ ਅਤੇ ਲੋਕਾਂ ਨਾਲ ਸਹੀ ਤਾਲਮੇਲ ਲਈ ਇਹ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਹਾਇਕ ਕਮਿਸ਼ਨਰ (ਜਨਰਲ) ਦੇ ਦਫ਼ਤਰ (ਕਮਰਾ ਨੰਬਰ 18) ਵਿੱਚ ਬਣਾਇਆ ਗਿਆ ਹੈ। ਕੰਟਰੋਲ ਰੂਮ ਦਾ ਨੰਬਰ 01672-234196 ਹੈ ਜੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਰੋਹਿਤ ਸਿੰਗਲਾ, ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸੰਗਰੂਰ ਨੂੰ ਨੋਡਲ ਅਧਿਕਾਰੀ ਲਾਇਆ ਗਿਆ ਹੈ।
Advertisement
Advertisement
