ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ: ਅਰੋੜਾ
ਕੈਬਨਿਟ ਮੰਤਰੀ ਨੇ ਸੁਨਾਮ ਹਲਕੇ ਦੀਆਂ ਅੱਠ ਪੰਚਾਇਤਾਂ ਨੂੰ ਚੈੱਕ ਵੰਡੇ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਕੋਟੜਾ ਅਮਰੂ ਵਿੱਚ ਸੁਨਾਮ ਹਲਕੇ ਦੇ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 60 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਚੈੱਕ ਸੌਂਪੇ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਸਰਕਾਰ ਦਾ ਉਦੇਸ਼ ਪਿੰਡਾਂ ਨੂੰ ਆਧੁਨਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ, ਸਿੱਖਿਆ, ਪਾਣੀ, ਸਫ਼ਾਈ ਅਤੇ ਜਨਤਕ ਸਹੂਲਤਾਂ ਨਾਲ ਸਬੰਧਤ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ੇਰੋਂ ਵਿੱਚ ਵਾਲੀਬਾਲ ਗਰਾਊਂਡ ਅਤੇ ਜੱਸੂ ਪੱਤੀ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਤੇ ਫ਼ਰਸ਼ ਲਈ 5-5 ਲੱਖ ਰੁਪਏ ਦਿੱਤੇ ਗਏ ਹਨ। ਨਮੋਲ ਵਿੱਚ ਦਰਵਾਜ਼ੇ ਦੀ ਮੁਰੰਮਤ ਲਈ 3 ਲੱਖ, ਧਰਮਸ਼ਾਲਾ ਵਿੱਚ ਕਮਰੇ ਲਈ 4 ਲੱਖ ਅਤੇ ਸਟੀਲ ਵਾਟਰ ਟੈਂਕਰ ਲਈ 3.25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸ਼ਾਹਪੁਰ ਕਲਾਂ, ਬੀਰ ਕਲਾਂ, ਝਾੜੋਂ, ਕੋਟੜਾ ਅਮਰੂ, ਭਗਵਾਨਪੁਰਾ ਅਤੇ ਮਿਰਜ਼ਾ ਪੱਤੀ ਵਿਖੇ ਵੀ ਸ਼ੈੱਡ, ਕਮਰੇ, ਪਾਰਕ, ਆਂਗਣਵਾੜੀ ਕੇਂਦਰ, ਗਲੀ ਅਤੇ ਧਰਮਸ਼ਾਲਾਵਾਂ ਨਾਲ ਸਬੰਧਤ ਵੱਖ-ਵੱਖ ਕੰਮ ਕਰਵਾਏ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਸਹੂਲਤਾਂ ਵਿਕਸਿਤ ਕਰਨ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯਤਨ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

