ਬਡਰੁੱਖਾਂ ਵਿੱਚ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੇ ਬੁੱਤ ਦਾ ਕੰਮ ਮੁਕੰਮਲ : The Tribune India

ਬਡਰੁੱਖਾਂ ਵਿੱਚ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੇ ਬੁੱਤ ਦਾ ਕੰਮ ਮੁਕੰਮਲ

ਨਿਰਮਾਣ ਕੰਪਨੀ ਵੱਲੋਂ ਕੰਮ ਦੀ 80 ਫੀਸਦ ਅਦਾਇਗੀ ਸਰਕਾਰ ਵੱਲ ਬਕਾਇਆ ਹੋਣ ਦਾ ਦਾਅਵਾ

ਬਡਰੁੱਖਾਂ ਵਿੱਚ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੇ ਬੁੱਤ ਦਾ ਕੰਮ ਮੁਕੰਮਲ

ਪਿੰਡ ਬਡਰੁੱਖਾਂ ਦੀ ਪੰਚਾਇਤ ਨਾਲ ਬੁੱਤ ਸਥਾਪਿਤ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ।

ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਦਸੰਬਰ

ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕਾ ਪਿੰਡ ਬਡਰੁੱਖਾਂ ਨੂੰ ਲਗਪਗ 25 ਵਰ੍ਹਿਆਂ ਮਗਰੋਂ ਨਸੀਬ ਹੋਏ ਸ਼ੇਰ-ਏ-ਪੰਜਾਬ ਦੇ ਘੋੜੇ ’ਤੇ ਸਵਾਰ ਬੁੱਤ ਦੇ ਸਥਾਪਿਤ ਹੋਣ ਦਾ ਕੰਮ ਭਾਵੇਂ ਅੱਜ ਮੁਕੰਮਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਬੁੱਤ ਦਾ ਰਸਮੀ ਉਦਘਾਟਨ ਕੀਤਾ ਜਾਣਾ ਬਾਕੀ ਹੈ। ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿਚ ‘ਸ਼ੇਰ-ਏ-ਪੰਜਾਬ’ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਬੁੱਤ ਸਥਾਪਿਤ ਕਰਨ ਵਾਲੀ ਕੰਪਨੀ ਨਾਸਿਕ (ਮਹਾਰਾਸ਼ਟਰ) ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਕੰਮ ਦੀ ਕਰੀਬ 80 ਫੀਸਦੀ ਅਦਾਇਗੀ ਬਕਾਇਆ ਹੈ। ਪਿੰਡ ਬਡਰੁੱਖਾਂ ਦੀ ਪੰਚਾਇਤ ਦੀ ਮੰਗ ਹੈ ਕਿ ਬੁੱਤ ਤੋਂ ਇਲਾਵਾ ਪਾਰਕ ਨਵੇਂ ਸਿਰੇ ਤੋਂ ਬਣਾਉਣ ਦੇ ਕਾਰਜ ਨੂੰ ਵੀ ਮੁਕੰਮਲ ਕੀਤਾ ਜਾਵੇ। ਅੱਜ ਬਡਰੁੱਖਾਂ ਵਿੱਚ ਕੰਸਟਰਕਸ਼ਨ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਮੁਕੰਮਲ ਹੋਇਆ ਬੁੱਤ ਦਾ ਕੰਮ ਪਿੰਡ ਦੀ ਗਰਾਮ ਪੰਚਾਇਤ ਨੂੰ ਵਿਖਾਇਆ ਗਿਆ।

ਇਸ ਦੌਰਾਨ ਪੰਚਾਇਤ ਦੀ ਮੌਜੂਦਗੀ ਵਿੱਚ ਕੰਪਨੀ ਦੇ ਨੁਮਾਇੰਦੇ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਬੁੱਤ ਦਾ ਕੰਮ ਮੁਕੰਮਲ ਹੋਣ ’ਤੇ ਉਨ੍ਹਾਂ ਵੱਲੋਂ ਸੈਰ ਸਪਾਟਾ ਵਿਭਾਗ ਨੂੰ ਕੰਮ ਸੌਂਪਣ (ਹੈਂਡਓਵਰ) ਕਰਨ ਲਈ ਪੱਤਰ ਲਿਖਿਆ ਗਿਆ ਹੈ। ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਇਸ ਕੰਮ ਦਾ ਕਰੀਬ 85 ਲੱਖ ਰੁਪਏ ਦਾ ਟੈਂਡਰ ਸੀ ਜਿਸ ਵਿੱਚੋਂ ਅਜੇ ਤੱਕ ਸਿਰਫ਼ 20 ਫੀਸਦ ਅਦਾਇਗੀ ਹੀ ਹੋਈ ਹੈ ਜਦਕਿ 80 ਫੀਸਦੀ ਅਦਾਇਗੀ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਦਾ ਘੋੜੇ ’ਤੇ ਸਵਾਰ ਬੁੱਤ ਮਹਾਰਾਸ਼ਟਰ ਦੇ ਸੋਲ੍ਹਾਪੁਰ ਤੋਂ ਬਣਿਆ ਹੈ ਤੇ ਇਸ ਨੂੰ ਪੰਜਾਬ ਲਿਆਉਣ ਲਈ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਹੋਏ ਕੰਮ ਦੇ ਬਿੱਲ ਵਿਭਾਗ ਕੋਲ ਜਮ੍ਹਾਂ ਕਰਵਾਏ ਸਨ ਜਿਸ ਦੀ ਅਦਾਇਗੀ ਕਰੀਬ ਤਿੰਨ ਮਹੀਨਿਆਂ ਬਾਅਦ ਹੋਈ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਬਕਾਏ ਦੀ ਅਦਾਇਗੀ ਲਈ ਮੁੱਖ ਮੰਤਰੀ ਭਗਵੰਤ ਮਾਨ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਭਾਗ ਦੇ ਚੀਫ਼ ਸੈਕਟਰੀ ਨੂੰ ਪੱਤਰ ਲਿਖੇ ਗਏ ਹਨ।

ਇਸ ਮੌਕੇ ਪਿੰਡ ਬਡਰੁੱਖਾਂ ਦੇ ਸਰਪੰਚ ਕੁਲਜੀਤ ਸਿੰਘ ਤੂਰ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੇਲੇ ਬੁੱਤ ਲਗਾਉਣ ਤੇ ਪਾਰਕ ਬਣਾਉਣ ਲਈ ਕਰੀਬ ਇੱਕ ਕਰੋੜ ਰੁਪਏ ਮਨਜ਼ੂਰ ਹੋਏ ਸਨ, ਪਰ ਕੰਸਟਰਕਸ਼ਨ ਕੰਪਨੀ ਵੱਲੋਂ ਬੁੱਤ ਲਗਾਉਣ ਦਾ ਕੰਮ ਲਗਪਗ 85 ਲੱਖ ਰੁਪਏ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਨਾਲ ਪਾਰਕ ਨਵੇਂ ਸਿਰੇ ਤੋਂ ਬਣਾਉਣ ਦੇ ਕਾਰਜ ਨੂੰ ਵੀ ਮੁਕੰਮਲ ਕੀਤਾ ਜਾਵੇ। ਸੈਰ ਸਪਾਟਾ ਤੇ ਸਭਿਆਚਾਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤੇ ਵਿਭਾਗ ਦੇ ਮੰਤਰੀ ਨਾਲ ਵੀ ਸੰਪਰਕ ਨਹੀਂ ਹੋ ਸਕਿਆ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All