ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਨਵੰਬਰ
ਭਾਵੇਂ ਤੀਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀ ਰਾਜਧਾਨੀ ’ਚ ਮੋਰਚਾ ਲਾਉਣ ਲਈ ਪੰਜਾਬ ਦੇ ਕਿਸਾਨ ਦਿੱਲੀ ਕੂਚ ਕਰ ਚੁੱਕੇ ਹਨ ਪਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਵੀ ਜਾਰੀ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਥੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਤੇ ਖੇੜੀ ਰਿਲਾਇੰਸ ਪੰਪ ਅੱਗੇ ਚੱਲ ਰਹੇ ਪੱਕੇ ਮੋਰਚੇ ਦੀ ਕਮਾਨ ਕਿਸਾਨ ਬੀਬੀਆਂ ਨੇ ਸੰਭਾਲ ਲਈ ਹੈ। ਰੋਜ਼ਾਨਾ ਕਿਸਾਨ ਬੀਬੀਆਂ ਰੋਸ ਧਰਨਿਆਂ ’ਚ ਪੁੱਜ ਕੇ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ।
ਰੋਸ ਧਰਨਿਆਂ ਦੀ ਅਗਵਾਈ ਦੀ ਜ਼ਿੰਮੇਵਾਰ ਨਿਭਾ ਰਹੇ ਗੋਬਿੰਦਰ ਸਿੰਘ ਮੰਗਵਾਲ ਤੇ ਗੋਬਿੰਦਰ ਸਿੰਘ ਬਡਰੁੱਖਾਂ ਨੇ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਹੁਣ ਪੰਜਾਬ ਦੇ ਨਾਲ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ’ਚ ਗੁੰਜੇਗਾ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਕੂਚ ਕਰ ਚੁੱਕੇ ਹਨ ਪਰ ਪੰਜਾਬ ’ਚ ਚੱਲ ਰਹੇ ਮੋਰਚੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਪਹਿਲਾਂ ਹੀ ਖੇਤੀ ਮਾਰੂ ਕਾਨੂੰਨ ਰੱਦ ਕਰ ਦਿੰਦੀ ਤਾਂ ਕਿਸਾਨਾਂ ਨੂੰ ਦਿੱਲੀ ਜਾਣ ਦੀ ਲੋੜ ਨਹੀਂ ਸੀ ਪੈਣੀ। ਮੋਦੀ ਸਰਕਾਰ ਕਿਸਾਨਾਂ ਨੂੰ ਝੁਕਾਉਣਾ ਚਾਹੁੰਦੀ ਹੈ ਤੇ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਪਰ ਕਿਸਾਨਾਂ ਨੂੰ ਕੋਈ ਤਾਕਤ ਨਹੀਂ ਝੁਕਾ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਅਜਿਹੇ ਖੇਤੀ ਮਾਰੂ ਕਾਨੂੰਨ ਲੈ ਕੇ ਆਈ ਹੈ ਜਿਸਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਖੇੜੀ ਰਿਲਾਇੰਸ ਪੰਪ ਦੇ ਰੋਸ ਧਰਨੇ ਤੋਂ ਪਿੰਡ ਉਪਲੀ ਦੀ ਟਰੈਕਟਰ-ਟਰਾਲੀ ਰਾਹੀਂ ਕਿਸਾਨ ਵਾਪਸ ਪਿੰਡ ਪਰਤ ਰਹੇ ਸਨ ਜਿਸਨੂੰ ਇੱਕ ਟਰੱਕ ਨੇ ਫ਼ੇਟ ਮਾਰ ਦਿੱਤੀ ਸੀ। ਇਸ ਹਾਦਸੇ ’ਚ ਪਿੰਡ ਉਪਲੀ ਦੇ ਕਿਸਾਨ ਦਾ ਹੱਥ ਕੱਟ ਗਿਆ ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਫੇਟ ਮਾਰਨ ਮਗਰੋਂ ਚਾਲਕ ਟਰੱਕ ਲੈ ਕੇ ਫ਼ਰਾਰ ਹੋ ਗਿਆ ਸੀ ਪਰ ਕਿਸਾਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੱਕ ਦਾ ਪਤਾ ਕੀਤਾ ਜੋ ਘਾਬਦਾਂ ਦੀ ਧਾਗਾ ਫੈਕਟਰੀ ’ਚ ਦਾਖਲ ਹੋ ਗਿਆ ਸੀ। ਇਸ ਸਬੰਧ ’ਚ ਥਾਣਾ ਸਦਰ ਬਾਲੀਆਂ ’ਚ ਰਿਪੋਰਟ ਦਰਜ ਕਰਵਾ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸਦੇ ਰੋਸ ਵਜੋਂ 28 ਨਵੰਬਰ ਨੂੰ ਥਾਣਾ ਸਦਰ ਅੱਗੇ ਕਿਸਾਨਾਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਨੂੰ ਦੋ ਲੱਖ ਦੀ ਮਾਲੀ ਮਦਦ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ) ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਪਿਛਲੇ ਕਈ ਸਾਲਾਂ ਤੋਂ ਕਬੱਡੀ ਕੱਪ ਕਰਵਾ ਰਹੇ ਹਾਅ ਦਾ ਨਾਅਰਾ ਸਮਾਜ ਸੇਵੀ ਕਲੱਬ ਮਾਲੇਰਕੋਟਲਾ ਦੀ ਹੋਈ ਮੀਟਿੰਗ ’ਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਇਸ ਵਾਰ ਕਬੱਡੀ ਕੱਪ ਮੁਲਤਵੀ ਕਰ ਕੇ ਕਿਸਾਨੀ ਸੰਘਰਸ਼ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਧਾਲੀਵਾਲ ਤੇ ਮੈਂਬਰ ਲਛਮਣ ਸਰੌਦ, ਇਮਤਿਆਜ਼ ਬਾਬੂ ਆਦਿ ਨੇ ਕਲੱਬ ਦੇ ਫ਼ੈਸਲੇ ਮੁਤਾਬਿਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਾਲੇਰਕੋਟਲਾ-ਪਟਿਆਲਾ ਸੜਕ ’ਤੇ ਬਣੇ ਮਾਹੋਰਾਣਾ ਟੌਲ ਪਲਾਜ਼ਾ ’ਤੇ ਪੁੱਜ ਕੇ ਲੰਗਰ ਲਈ 20 ਹਜ਼ਾਰ ਰੁਪਏ ਨਕਦ ਰਾਸ਼ੀ ਭੇਟ ਕਰਨ ਤੋਂ ਇਲਾਵਾ ਚਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਬਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਕੱਤਰ ਨਰਿੰਦਰਜੀਤ ਸਿੰਘ, ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨ (ਬਹਿਰੂ) ਦੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਦਰੋਗੇਵਾਲ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ ਪਰਮਜੀਤ ਸਿੰਘ ਸਲਾਰੀਆ ਨੂੰ ਦੋ ਲੱਖ ਰੁਪਏ ਦੀ ਮਾਲੀ ਮਦਦ ਸੌਂਪੀ।