
ਚੀਮਾ ਵਿੱਚ ਸੁਨਾਮ-ਮਾਨਸਾ ਸੜਕ ਉੱਪਰ ਥਾਣੇ ਅੱਗੇ ਲਾਸ਼ ਰੱਖ ਕੇ ਧਰਨਾ ਦਿੰਦੇ ਹੋਏ ਲੋਕ।
ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 26 ਮਈ
ਕਰੀਬ ਤਿੰਨ ਦਿਨ ਪਹਿਲਾਂ ਪਿੰਡ ਸ਼ੇਰੋਂ ’ਚ ਸਹੁਰੇ ਘਰ ਹੋਈ ਵਿਆਹੁਤਾ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਅੱਜ ਪੀੜਤ ਪਰਿਵਾਰ ਅਤੇ ਕਿਸਾਨਾਂ ਵੱਲੋਂ ਥਾਣਾ ਚੀਮਾ ਅੱਗੇ ਸੁਨਾਮ-ਮਾਨਸਾ ਮੁੱਖ ਸੜਕ ਉੱਪਰ ਮ੍ਰਿਤਕਾ ਦੀ ਲਾਸ਼ ਰੱਖ ਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸੀ ਕਿ ਮੌਤ ਲਈ ਜ਼ਿੰਮੇਵਾਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਧਰਨੇ ’ਚ ਭਾਕਿਯੂ ਏਕਤਾ ਉਗਰਾਹਾਂ ਅਤੇ ਭਾਕਿਯੂ ਡਕੌਂਦਾ ਦੇ ਕਿਸਾਨ ਵੀ ਸ਼ਾਮਲ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦੱਸਿਆ ਕਿ ਪਿੰਡ ਰਟੋਲਾਂ ਦੀ ਲੜਕੀ ਸੰਦੀਪ ਕੌਰ ਪੁੱਤਰੀ ਭਰਭੂਰ ਸਿੰਘ ਦਾ ਵਿਆਹ ਪਿੰਡ ਸੇਰੋਂ ਦੇ ਦਿਲਪ੍ਰੀਤ ਪੁੱਤਰ ਹਰੀ ਸਿੰਘ ਨਾਲ ਹੋਇਆ ਸੀ। ਲੜਕੀ ਦੇ ਪਰਿਵਾਰ ਨੇ ਵਿਆਹ ’ਤੇ ਕਾਫ਼ੀ ਪੈਸਾ ਖਰਚਿਆ ਸੀ। ਇਸ ਦੇ ਬਾਵਜੂਦ ਸਹੁਰਾ ਪਰਿਵਾਰ ਨੇ ਲੜਕੀ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬੀਤੀ 23 ਮਈ ਦੀ ਰਾਤ ਨੂੰ ਸਹੁਰੇ ਘਰ ਵਿਆਹੁਤਾ ਦੀ ਮੌਤ ਹੋ ਗਈ ਸੀ। ਪੁਲੀਸ ਨੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਲਿਆ ਸੀ ਪਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕੀਤੀ ਗਈ ਹੈ। ਧਰਨੇ ਦੌਰਾਨ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਲੜਕੀ ਦੀ ਮੌਤ ਲਈ ਜਿੰਮੇਵਾਰ ਸਾਰੇ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਲੜਕੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਜਾਰੀ ਰਹੇਗਾ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੁਨਾਮ ਬਲਾਕ ਦੇ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਗੋਬਿੰਦ ਸਿੰਘ ਚੱਠਾ, ਗੁਰਦੀਪ ਸਿੰਘ ਛਾਜਲਾ, ਮੱਖਣ ਰਟੋਲਾਂ, ਗੁਰਸਗਨਦੀਪ ਰਟੋਲਾਂ, ਰਣਦੀਪ ਕੌਰ ਰਟੋਲਾਂ, ਸੁਖਵਿੰਦਰ ਕੌਰ ਚੱਠਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਦਾਸ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਮੈਂਬਰ ਸ਼ਾਮਲ ਸਨ।
ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਵਿੱਚੋਂ ਸਹੁਰੇ ਪਰਿਵਾਰ ਦੇ ਚਾਰ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਤਿੰਨ ਜਣਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਵਲੋਂ ਬਾਕੀ ਰਹਿੰਦੇ ਤਿੰਨ ਜਣਿਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ