ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 26 ਅਗਸਤ
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਮਾਲੇਰਕੋਟਲਾ ਵਿਖੇ ਪੁੱਜੀ। ਇਸ ਤੋਂ ਪਹਿਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਹੁੰਦੇ ਹੋਏ ਬਾਅਦ ਦੁਪਹਿਰ ਮਾਲੇਰਕੋਟਲਾ ਜ਼ਿਲ੍ਹੇ ਦੀ ਹਦੂਦ ’ਚ ਪੈਂਦੇ ਪਿੰਡ ਭੁਰਥਲਾ ਮੰਡੇਰ ਵਿੱਚ ਦਾਖ਼ਲ ਹੋਣ ’ਤੇ ਪੈਰਾ ਏਸ਼ੀਅਨ ਗੇਮਜ਼ ਦੇ ਮੈਡਲਿਸਟ ਮੁਹੰਮਦ ਯਾਸਿਰ, ਵਿਧਾਇਕ ਅਮਰਗੜ੍ਹ ਦੇ ਭਰਾ ਕੁਲਵੰਤ ਸਿੰਘ, ਐੱਸ.ਡੀ.ਐੱਮ. ਮਾਲੇਰਕੋਟਲਾ ਹਰਬੰਸ ਸਿੰਘ ਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਮਸ਼ਾਲ ਦਾ ਭਰਵਾਂ ਸਵਾਗਤ ਕੀਤਾ। ਇਸ ਮਗਰੋਂ ਇੱਥੇ ਜ਼ਾਕਿਰ ਹੁਸੈਨ ਸਟੇਡੀਅਮ ਵਿੱਚ ਪੁੱਜੀ ਮਸ਼ਾਲ ਦਾ ਵਿਧਾਇਕ ਡਾ. ਮੁਹੰਮਦ ਜ਼ਮੀਲ-ਉਰ- ਰਹਿਮਾਨ, ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਸਵਾਗਤ ਕੀਤਾ।
ਵਿਧਾਇਕ ਡਾ. ਜ਼ਮੀਲ-ਉਰ-ਰਹਿਮਾਨ ਨੇ ਖੇਡ ਪ੍ਰੇਮੀਆਂ, ਖਿਡਾਰੀਆਂ, ਕੋਚਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਕਾਬਲੀਅਤ ਤੇ ਹੁਨਰ ਨੂੰ ਪਹਿਚਾਨਣ ਲਈ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਅੱਜ ਇੱਥੇ ਪੜਾਅ ਕਰਨ ਉਪਰੰਤ 27 ਅਗਸਤ ਨੂੰ ਸਵੇਰੇ 7 ਵਜੇ ਸਥਾਨਕ ਸਟੇਡੀਅਮ ਤੋਂ ਅਮਰਗੜ੍ਹ ਤੱਕ ਮਸ਼ਾਲ ਮਾਰਚ ਨੂੰ ਪਟਿਆਲਾ, ਸੰਗਰੂਰ ਮਾਨਸਾ ਲਈ ਰਵਾਨਾ ਕੀਤਾ ਜਾਵੇਗਾ।
‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਅੱਜ ਪੁੱਜੇਗੀ ਸੰਗਰੂਰ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿੱਚ 29 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ 27 ਅਗਸਤ ਨੂੰ ਸੰਗਰੂਰ ਪੁੱਜੇਗੀ ਜਿੱਥੇ ਪ੍ਰਸ਼ਾਸਨ, ਖਿਡਾਰੀਆਂ, ਸਿਆਸਤਦਾਨਾਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਇਸ ਮਸ਼ਾਲ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਤੀ 27 ਅਗਸਤ ਨੂੰ ਸਵੇਰੇ ਕਰੀਬ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਮਸ਼ਾਲ ਮਾਰਚ ਪਟਿਆਲਾ ਤੋਂ ਚੰਨੋ (ਬਲਾਕ ਭਵਾਨੀਗੜ੍ਹ) ਵਿਖੇ ਪਹੁੰਚੇਗੀ ਜਿਥੋਂ ਕਿ ਸੰਗਰੂਰ-ਪਟਿਆਲਾ ਬਾਈਪਾਸ, ਵੇਰਕਾ ਮਿਲਕ ਪਲਾਂਟ, ਫੁਹਾਰਾ ਚੌਕ ਹੁੰਦੀ ਹੋਈ ਸੰਗਰੂਰ ਸ਼ਹਿਰ ਦੇ ਮੁੱਖ ਪੋਸਟ ਆਫਿਸ ਨੇੜੇ ਪਾਰਕਿੰਗ ਵਿੱਚ ਪੁੱਜੇਗੀ ਜਿਥੇ ਸਵਾਗਤੀ ਸਮਾਰੋਹ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਕਰੀਬ ਡੇਢ ਵਜੇ ਇਸ ਮਸ਼ਾਲ ਮਾਰਚ ਨੂੰ ਅਗਲੇ ਪੜਾਅ ਲਈ ਰਸਮੀ ਤੌਰ ‘ਤੇ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।