ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਕਤੂਬਰ
ਪਿਛਲੇ ਕਰੀਬ 17 ਦਿਨਾਂ ਤੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਦਫ਼ਤਰੀ ਮੁਲਾਜ਼ਮਾਂ ਦੀ ਚੱਲ ਰਹੀ ਕਲਮਛੋੜ ਹੜਤਾਲ ਸਰਕਾਰ ਦੇ ਅੜੀਅਲ ਵਤੀਰੇ ਕਾਰਨ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਜਿਸ ਕਾਰਨ ਵੱਖ-ਵੱਖ ਵਿਭਾਗਾਂ ਵਿਚ ਠੱਪ ਹੋਇਆ ਕੰਮਕਾਜ ਸ਼ੁਰੂ ਹੋਣ ਦੇ ਫਿਲਹਾਲ ਆਸਾਰ ਨਹੀਂ ਹਨ। ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਅੱਜ ਇਥੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸਰਪ੍ਰਸਤ ਬਲਵਿੰਦਰ ਸੋਹੀ, ਸੀਨੀਅਰ ਮੀਤ ਪ੍ਰਧਾਨ ਮਾਲਵਿੰਦਰ ਹਰੀਗੜ੍ਹ ਅਤੇ ਅਸ਼ੀਸ਼ ਫੁੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਉਪਰੰਤ ਐਤਵਾਰ ਨੂੰ ਕਲਮਛੋੜ ਹੜਤਾਲ 31 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂ ਜੋ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਸਰਕਾਰ ਵੱਲੋਂ ਜਥੇਬੰਦੀਆਂ ਨੂੰ ਸਿਰਫ ਮੀਟਿੰਗਾਂ ਦਾ ਸਮਾਂ ਦੇ ਕੇ ਸਮਾਂ ਲੰਘਾਇਆ ਜਾ ਰਿਹਾ ਹੈ, ਜਦਕਿ ਮੁੱਖ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਜਿਸ ਕਾਰਨ ਸੂਬੇ ਭਰ ਦਾ ਮਨਿਸਟੀਰੀਅਲ ਮੁਲਾਜ਼ਮ ਦਫਤਰਾਂ ਦਾ ਕੰਮ ਠੱਪ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਿਲਾਂ ਨਾਲ ਕੋਈ ਸਰੋਕਾਰ ਨਹੀਂ ਹੈ, ਥਾਂ ਥਾਂ ’ਤੇ ਧਰਨੇ, ਰੈਲੀਆਂ ਤੇ ਰੋਸ ਮੁਜ਼ਾਹਰੇ ਹੋ ਰਹੇ ਹਨ, ਜਿਸ ਤੋਂ ਸਰਕਾਰ ਦੀ ਕਾਰਜ ਪ੍ਰਣਾਲੀ ਦੀ ਹਾਲਤ ਸਹਿਜੇ ਹੀ ਸਾਫ਼ ਨਜ਼ਰ ਆਉਂਦੀ ਹੈ। ਸਰਕਾਰ ਦੇ ਪ੍ਰਤੀਨਿਧ ਰਾਜਨੀਤਕ ਸਟੇਜਾਂ ਤੋਂ ਹਰ ਵਰਗ ਦਾ ਭਲਾ ਕਰਨ ਦੇ ਦਾਅਵੇ ਕਰਦੇ ਹਨ, ਉਹਨਾਂ ਦਾਅਵਿਆਂ ਨੂੰ ਤੁਰੰਤ ਲਾਗੂ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਪੈਨਸ਼ਨਰ ਆਗੂ ਜਗਦੀਸ਼ ਸ਼ਰਮਾ, ਸੁਰਿੰਦਰ ਕੁਮਾਰ ਬਾਲੀਆਂ, ਜੀਤ ਸਿੰਘ ਢੀਂਡਸਾ, ਦਰਸ਼ਨ ਸਿੰਘ ਨੌਰਥ, ਰਾਮ ਸਿੰਘ ਮਹਿਮੀ ਅਤੇ ਜਗਤਾਰ ਜਜੀਰਾ ਆਦਿ ਵੱਲੋਂ ਸੰਬੋਧਨ ਕੀਤਾ।