ਪੰਜਾਬ ਦੇ ਪੁੱਤ ਵਹੀਰਾਂ ਘੱਤ ਕੇ ਦਿੱਲੀ ਨੂੰ ਚੱਲੇ

ਪੰਜਾਬ ਦੇ ਪੁੱਤ ਵਹੀਰਾਂ ਘੱਤ ਕੇ ਦਿੱਲੀ ਨੂੰ ਚੱਲੇ

ਖਨੌਰੀ ਬਾਰਡਰ ਤੋਂ ਦਿੱਲੀ ਰਵਾਨਾ ਹੁੰਦੇ ਹੋਏ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਅਹੁਦੇਦਾਰ ਤੇ ਮੈਂਬਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਦਸੰਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨ ਅੰਦੋਲਨ ਦੀ ਹਮਾਇਤ ’ਚ ਪੰਜਾਬ ਦੇ ਪੁੱਤ ਕਾਫ਼ਲੇ ਬੰਨ੍ਹ ਦਿੱਲੀ ਵਹੀਰਾਂ ਘੱਤ ਰਹੇ ਹਨ। ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੇ ਕਾਰਕੁਨਾਂ ਦਾ ਵੱਡਾ ਕਾਫ਼ਲਾ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਦਿੱਲੀ ਰਵਾਨਾ ਹੋਇਆ।

ਸ੍ਰੀ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਆਪਣਾ ਖ਼ੂਨ ਵਹਾ ਕੇ ਜਿਸ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ, ਅੱਜ ਉਸੇ ਦੇਸ਼ ਦੀ ਸੱਤਾ ’ਤੇ ਕਾਬਜ਼ ਸਰਕਾਰਾਂ ਭਾਰਤ ਨੂੰ ਮੁੜ ਸਰਮਾਏਦਾਰੀ ਦਾ ਗ਼ੁਲਾਮ ਬਣਾਉਣ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੁਰਾਂ ਦੇ ਨਾਂ ’ਤੇ ਵਸਦੇ ਪੰਜਾਬ ਨੂੰ ਉਜਾੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ ਆਰਥਿਕਤਾ ਖੇਤੀ ’ਤੇ ਹੀ ਨਿਰਭਰ ਹੈ। ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਵੀ ਆਪਣਾ ਫਰਜ਼ ਸਮਝਦਿਆਂ ਦਿੱਲੀ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ।

ਸਮਾਣਾ (ਸੁਭਾਸ਼ ਚੰਦਰ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਰਲਾਇੰਸ ਪੰਪ ’ਤੇ ਲਗਾਇਆ ਧਰਨਾ 65ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਧਰਨੇ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਸਨ। ਬੀਕੇਯੂ ਉਗਰਾਹਾਂ ਦੇ ਨੇਤਾ ਜਸਪਾਲ ਸਿੰਘ ਨੇ ਕਿਹਾ ਕਿ ਕਾਨੂੰਨ ਰੱਦ ਹੋਣ ਤਕ ਧਰਨੇ ਜਾਰੀ ਰਹਿਣਗੇ।

ਘਨੌਰ (ਗੁਰਪ੍ਰੀਤ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤਹਿਤ ਇਸ ਖੇਤਰ ਵਿੱਚ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਸ਼ੰਭੂ ਨੇੜੇ ਰਿਲਾਇੰਸ ਪੈਟਰੋਲ ਪੰਪਾਂ ’ਤੇ ਕਿਸਾਨ ਆਗੂਆਂ ਭਗਵਾਨ ਸਿੰਘ ਖਾਲਸਾ ਹਰਪਾਲਪੁਰ ਸਣੇ ਹੋਰਨਾਂ ਆਗੂਆਂ ਦੀ ਅਗਵਾਈ ਵਿੱਚ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਧਰਨੇ ਜਾਰੀ ਰਹਿਣਗੇ।

ਦੇਵੀਗੜ੍ਹ (ਮੁਖਤਿਆਰ ਸਿੰਘ): ਭਾਰਤੀ ਕਿਸਾਨ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਰਾਮ ਸਰਨ ਬਹਿਰੂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਕਿਸਾਨਾਂ ਦੀ ਹਮਾਇਤ ਕਰ ਰਹੀ ਹੈ। ਦਿੱਲੀ ਗਏ ਕਿਸਾਨਾਂ ਦੇ ਪਿੱਛੇ ਰੁਕੇ ਕੰਮਾਂ ਨੂੰ ਦੇਖਣ ਲਈ ਨਾਲ ਲਗਦੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਲਈ ਰਾਸ਼ਨ ਤੇ ਕੱਪੜਾ ਆਦਿ ਭੇਜਣ ਦੀ ਅਪੀਲ ਕੀਤੀ।

ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਪਿੰਡ ਲੱਡਾ ਦੇ ਟੋਲ ਪਲਾਜ਼ਾ ਉੱਪਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਵਿੱਚ ਕੁਝ ਕਿਸਾਨ ਆਗੂਆਂ ਵੱਲੋਂ ਕਵਿਤਾ ਸੁਣਾ ਕੇ ਮੋਦੀ ਸਰਕਾਰ ਵਿਰੁੱਧ ਅਪਣੀ ਭੜਾਸ ਕੱਢੀ। ਧਰਨੇ ਦੌਰਾਨ ਵੱਖ-ਵੱਖ ਆਗੂਆਂ ਨੇ ਕਿਹਾ ਇਸ ਸ਼ੁਰੂ ਹੋਏ ਕਿਸਾਨੀ ਸੰਘਰਸ਼ ਅੱਗੇ ਮੋਦੀ ਸਰਕਾਰ ਦੀ ਇੱਕ ਵੀ ਨਹੀਂ ਚੱਲੇਗੀ ਤੇ ਆਖਿਰ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਅਪਣੇ ਗੋਡੇ ਟੇਕਣੇ ਹੀ ਪੈਣੇ ਹਨ।

ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ, ਇਸ ਆਰ ਪਾਰ ਦੀ ਲੜਾਈ ਵਿੱਚ ਦਿੱਲੀ ਵਿੱਚ ਕਿਸਾਨਾਂ ਵੱਲੋਂ ਮੁੱਖ ਹਾਈਵੇਅ ਨੂੰ ਜਾਮ ਕਰਨ ਤੋਂ ਇਲਾਵਾ ਹੁਣ ਕੁਝ ਹੋਰ ਸੜਕਾਂ ਉੱਪਰ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਪੰਜਾਬ ਵਿੱਚੋਂ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਦਿੱਲੀ ਪੁੱਜ ਕੇ ਇਨ੍ਹਾਂ ਕਿਸਾਨੀ ਸੰਘਰਸ਼ ਨੂੰ ਅਪਣੀ ਹਮਾਇਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿਸਾਨਾਂ ਦੇ ਧਰਨਿਆਂ ਨੂੰ ਹੋਰ ਸਫ਼ਲ ਬਣਾਉਣ ਲਈ ਪੰਜਾਬ ਦੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਰਾਸ਼ਨ ਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਲੀ ਭੇਜਿਆ ਜਾ ਰਿਹਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਵਿੱਚ ਰਹਿ ਕੇ ਹੀ ਰੱਦ ਕਰਵਾਉਣ ਦੇ ਇਛੁੱਕ ਹਨ ਹਰ ਪੰਜਾਬੀ ਹੁਣ ਇਸ ਕਿਸਾਨੀ ਸੰਘਰਸ਼ ਵਿੱਚ ਕੁਦ ਪਿਆ ਹੈ।ਇਸ ਮੌਕੇ ਗਮਦੂਰ ਸਿੰਘ ਲੱਡਾ,ਹਰਬੰਸ ਸਿੰਘ ਲੱਡਾ,ਗੁਰਦੇਵ ਸਿੰਘ ਲੱਡਾ, ਜਸਪਾਲ ਸਿੰਘ,ਬਲਵਿੰਦਰ ਸਿੰਘ ਪੇਧਨੀ, ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।

ਟੌਲ ਪਲਾਜ਼ਿਆਂ ਉੱਪਰ ਚਲਦੇ ਧਰਨੇ ਵੀ ਜਾਰੀ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਵਿੱਚੋਂ ਕਾਫ਼ਲੇ ਜਾ ਰਹੇ ਹਨ। ਅੱਜ ਨੇੜਲੇ ਪਿੰਡ ਥੰਮਣਸਿੰਘਵਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਛੱਜੂ ਸਿੰਘ ਤੇ ਹੋਰ ਆਪਣੇ ਵਾਹਨ ਰਾਹੀਂ ਦਿੱਲੀ ਲਈ ਰਵਾਨਾ ਹੋਏ। ਪਿੰਡ ਚੰਨੋਂ ਦੀ ਵਿਦਿਆਰਥਣ ਨਵਜੋਤ ਕੌਰ ਚੰਨੋਂ ਦਿੱਲੀ ਪੁੱਜ ਗਈ ਹੈ। ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਬਲਾਕ ਵਿਚੋਂ ਹਰ ਰੋਜ਼ ਇੱਕ ਟਰਾਲੀ ਕਿਸਾਨ ਦਿੱਲੀ ਜਾ ਰਹੇ ਹਨ। ਦੂਜੇ ਪਾਸੇ, ਟੌਲ ਪਲਾਜ਼ਾ ਮਾਝੀ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ, ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ 64ਵੇਂ ਦਿਨ ਵੀ ਧਰਨੇ ਜਾਰੀ ਰਹੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All