ਘਰ ਦੀ ਛੱਤ ਡਿੱਗੀ; ਵਾਲ ਵਾਲ ਬਚਿਆ ਨੌਜਵਾਨ

ਘਰ ਦੀ ਛੱਤ ਡਿੱਗੀ; ਵਾਲ ਵਾਲ ਬਚਿਆ ਨੌਜਵਾਨ

ਪਿੰਡ ਮਹਿਲਾਂ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਅਕਤੂਬਰ

ਸੁਨਾਮ ਦੇ ਪਿੰਡ ਮਹਿਲਾਂ ਵਿੱਚ ਇਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿੱਚ ਸੁੱਤਾ ਪਿਆ ਨੌਜਵਾਨ ਵਾਲ ਵਾਲ ਬੱਚ ਗਿਆ, ਜਦੋਂਕਿ ਕਮਰੇ ਵਿਚ ਪਿਆ ਫਰਿੱਜ, ਕੰਪਿਊਟਰ, ਸੋਫ਼ੇ ਤੇ ਹੋਰ ਘਰੇਲੂ ਸਾਮਾਨ ਤਹਿਸ ਨਹਿਸ ਹੋ ਗਿਆ।

ਇਸ ਸਬੰਧੀ ਘਰ ਦੇ ਮਾਲਕ ਬੂਟਾ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਤਬਕੇ ਨਾਲ ਸਬੰਧ ਰੱਖਦਾ ਹੈ। ਰਾਤ ਉਨ੍ਹਾਂ ਦਾ ਪਰਿਵਾਰ ਕਮਰੇ ਤੋਂ ਬਾਹਰ ਸੁੱਤਾ ਸੀ ਜਦੋਂਕਿ ਉਸ ਦਾ ਵੱਡਾ ਮੁੰਡਾ ਦਲਜੀਤ ਸਿੰਘ ਕਮਰੇ ਅੰਦਰ ਪਿਆ ਸੀ। ਉਸ ਨੇ ਦੱਸਿਆ ਕਿ ਗਿਆਰਾਂ ਵਜੇ ਅਚਾਨਕ ਖੜਾਕ ਹੋਇਆ। ਜਦੋਂ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਪਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਮਰੇ ਅੰਦਰ ਹੋਣ ਕਾਰਨ ਘਰ ’ਚ ਇਕ ਦਮ ਸਹਿਮ ਛਾ ਗਿਆ। ਖੜਾਕ ਸੁਣ ਕੇ ਆਲੇ ਦੁਆਲੇ ਗੁਆਂਢੀ ਇਕੱਠੇ ਹੋ ਗਏ। ਕਰੜੀ ਮੁਸ਼ੱਕਤ ਤੋਂ ਬਾਅਦ ਛੱਤ ਦੇ ਮਲਬੇ ’ਚ ਫਸੇ ਦਲਜੀਤ ਸਿੰਘ ਨੂੰ ਬਾਹਰ ਕੱਢਿਆ ਗਿਆ। ਦਲਜੀਤ ਸਿੰਘ ਦੀ ਮਾਮੂਲੀ ਸੱਟਾਂ ਲੱਗੀਆਂ।

ਘਟਨਾ ’ਚ ਵਾਲ ਵਾਲ ਬਚੇ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਕਿ ਕਿਸੇ ਚੀਜ਼ ਦੇ ਤਿੜਕਣ ਦੀ ਆਵਾਜ਼ ਆਈ। ਜਿਉਂ ਹੀ ਉਹ ਲਾਈਟ ਜਗਾਉਣ ਲਈ ਉੱਠਿਆ ਤਾਂ ਛੱਤ ਡਿੱਗ ਗਈ ਤੇ ਉਹ ਅੰਦਰ ਫਸ ਗਿਆ।

ਉਧਰ ਬੂਟਾ ਸਿੰਘ ਨੇ ਦੱਸਿਆ ਕਿ ਛੱਤ ਦੇ ਮਲਬੇ ਹੇਠਾਂ ਆਉਣ ਕਾਰਨ ਖਰਾਬ ਹੋਏ ਸਮਾਨ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All