ਮੀਂਹ ਨੇ ਚਿੰਤਾ ’ਚ ਡੋਬੇ ਖੇਤਾਂ ਦੇ ਪੁੱਤ : The Tribune India

ਮੀਂਹ ਨੇ ਚਿੰਤਾ ’ਚ ਡੋਬੇ ਖੇਤਾਂ ਦੇ ਪੁੱਤ

ਮੀਂਹ ਨੇ ਚਿੰਤਾ ’ਚ ਡੋਬੇ ਖੇਤਾਂ ਦੇ ਪੁੱਤ

ਪਿੰਡ ਕਾਕੜਾ ਵਿੱਚ ਹਨੇਰੀ ਤੇ ਮੀਂਹ ਕਾਰਨ ਖੇਤਾਂ ਵਿਚ ਵਿਛੀ ਬਾਸਮਤੀ ਝੋਨੇ ਦੀ ਫਸਲ ਦਿਖਾਉਂਦਾ ਹੋਇਆ ਕਿਸਾਨ।

ਗੁਰਦੀਪ ਸਿੰਘ ਲਾਲੀ

ਸੰਗਰੂਰ, 24 ਸਤੰਬਰ

ਅੱਸੂ ਮਹੀਨੇ ਦੀ ਬੇਮੌਸਮੀ ਬਾਰਸ਼ ਨੇ ਅੰਨਦਾਤੇ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਨੂੰ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਝੋਨੇ ਦੀ ਪੱਕ ਰਹੀ ਫਸਲ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਤੇਜ਼ ਹਵਾਵਾਂ ਅਤੇ ਬਾਰਸ਼ ਕਾਰਨ ਜ਼ਿਆਦਾ ਬਾਸਮਤੀ ਝੋਨੇ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ ਜਿਸ ਦਾ ਝਾੜ ਘਟਣ ਦਾ ਖਦਸ਼ਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਦਫ਼ਤਰ ਵੱਲੋਂ ਸਮੁੱਚੇ ਬਲਾਕਾਂ ਤੋਂ ਬਾਰਸ਼ ਕਾਰਨ ਝੋਨੇ ਦੀ ਫਸਲ ਦੇ ਨੁਕਸਾਨ ਸਬੰਧੀ ਰਿਪੋਰਟ ਮੰਗੀ ਗਈ ਹੈ। ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ’ਚ ਲੰਘੇ ਕੱਲ੍ਹ ਤੱਕ ਔਸਤਨ 29 ਐੱਮ.ਐੱਮ ਬਾਰਸ਼ ਹੋਈ ਹੈ ਜਦੋਂ ਕਿ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਵੀ ਲਗਾਤਾਰ ਰੁਕ-ਰੁਕ ਬਾਰਸ਼ ਹੁੰਦੀ ਰਹੀ। ਭਲਕੇ 25 ਸਤੰਬਰ ਨੂੰ ਵੀ ਬਰਸਾਤ ਜਾਰੀ ਰਹਿਣ ਦੇ ਆਸਾਰ ਹਨ ਜਿਸ ਕਾਰਨ ਕਿਸਾਨ ਚਿੰਤਤ ਹਨ।

ਮੌਜੂਦਾ ਦਿਨਾਂ ਦੌਰਾਨ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਝੋਨੇ ਦੇ ਝਾੜ ਉਪਰ ਮਾੜਾ ਅਸਰ ਪੈਣ ਦੇ ਆਸਾਰ ਹਨ। ਖਾਸ ਕਰਕੇ ਬਾਸਮਤੀ ਝੋਨੇ ਦੀਆਂ 1509 ਅਤੇ 1692 ਕਿਸਮਾਂ ਖੇਤਾਂ ਵਿੱਚ ਵਿੱਛ ਗਈਆਂ ਹਨ ਜਿਸ ਕਾਰਨ ਝੋਨੇ ਦੀਆਂ ਇਨ੍ਹਾਂ ਕਿਸਮਾਂ ਦੇ ਨੁਕਸਾਨ ਦਾ ਖਦਸ਼ਾ ਹੈ ਜਦੋਂ ਕਿ ਝੋਨੇ ਦੀ ਕਿਸਮ ਪੂਸਾ-44 ਦੀ ਕਿਸਮ ਅਜੇ ਨਿੱਸਰ ਰਹੀ ਹੈ। ਪਿੰਡ ਕਾਕੜਾ ਦੇ ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਸਮਤੀ ਝੋਨੇ ਦੀ ਫਸਲ ਖੇਤਾਂ ਵਿਚ ਵਿੱਛ ਗਈ ਹੈ ਜਿਸ ਦਾ ਵਧੇਰੇ ਨੁਕਸਾਨ ਹੋਣ ਦਾ ਡਰ ਹੈ। ਪਿੰਡ ਸਾਹੋਕੇ ਦੇ ਕਿਸਾਨ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਖੇਤ ਵਿੱਚ ਬਾਸਮਤੀ ਝੋਨੇ ਦੀ ਕਿਸਮ 1509 ਲਗਾਈ ਸੀ ਜੋ ਪੂਰੀ ਤਰ੍ਹਾਂ ਖੇਤ ਵਿਚ ਵਿੱਛ ਚੁੱਕੀ ਹੈ ਜਿਸ ਉਪਰੋਂ ਦੀ ਪਾਣੀ ਫਿਰ ਗਿਆ ਹੈ। ਇਸ ਕਾਰਨ ਫਸਲ ਬਰਬਾਦ ਹੋ ਗਈ ਹੈ। ਪਿੰਡ ਗੁਰਦਾਸਪੁਰਾ ਦੇ ਕਿਸਾਨ ਅਮਨਦੀਪ ਸਿੰਘ ਪੂਨੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਦਾ ਝਾੜ ਘਟਣ ਦੀ ਵਧੇਰੇ ਸੰਭਾਵਨਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਅਤੇ ਬਾਰਸ਼ ਕਾਰਨ ਖੇਤਾਂ ਵਿੱਚ ਵਿੱਛ ਗਈ ਝੋਨੇ ਦੀ ਫਸਲ ਦਾ ਝਾੜ ਘਟਣ ਦੀ ਵਧੇਰੇ ਸੰਭਾਵਨਾ ਹੈ। ਸਮੁੱਚੇ ਜ਼ਿਲ੍ਹੇ ਦੇ ਬਲਾਕਾਂ ’ਚੋਂ ਬਾਰਸ਼ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਫਸਲ ਦੀ ਰਿਪੋਰਟ ਮੰਗੀ ਗਈ ਹੈ ਪਰ ਅਜੇ ਤੱਕ ਨੁਕਸਾਨ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਹੁੰਦੀ ਬਰਸਾਤ ਕਾਰਨ ਡਿੱਗੀ ਝੋਨੇ ਦੀ ਫਸਲ ਤੇ ਬਰਬਾਦ ਹੋਈਆਂ ਸਬਜ਼ੀਆਂ ਕਾਰਨ ਕਿਸਾਨ ਚਿੰਤਾ ’ਚ ਡੁੱਬ ਗਏ ਹਨ। ਖੇਤੀ ਮਾਹਿਰਾਂ ਅਨੁਸਾਰ ਫ਼ਸਲਾਂ ਦਾ ਝਾੜ ਘਟਣਾ ਯਕੀਨੀ ਹੈ। ਮੰਡੀ ਵਿੱਚ ਪਈ ਪਿਆ ਝੋਨਾ ਵੀ ਮੀਂਹ ਦੀ ਭੇਟ ਚੜ੍ਹ ਗਿਆ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਨੀਵੀਆਂ ਥਾਵਾਂ ਉੱਤੇ ਪਾਣੀ ਭਰ ਜਾਣ ਅਤੇ ਪੱਕਣ ਉੱਤੇ ਆਈ ਬਾਸਮਤੀ ਦੀ ਫ਼ਸਲ ਦੇ ਡਿੱਗਣ ਦੇ ਨਾਲ-ਨਾਲ ਸਬਜ਼ੀਆਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਹਲਕੇ ਦੇ ਪਿੰਡਾਂ ਸ਼ੁਤਰਾਣਾ, ਬਣਵਾਲਾ, ਜਿਊਣਪੁਰਾ ਦੁਗਾਲ, ਡਰੋਲੀ, ਹਰਿਆਊ ਖੁਰਦ, ਤੇਈਪੁਰ, ਗੁਰੂ ਨਾਨਕਪੁਰਾ, ਅਰਨੋ, ਪਲਾਸੌਰ ਤੇ ਜਹਾਂਗੀਰ ਆਦਿ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਅਫਸਰ ਜਤਿੰਦਰ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਪੱਕੀ ਬਾਸਮਤੀ ਦੇ ਡਿੱਗਣ ਤੇ ਨਿੱਸਰ ਰਹੇ ਝੋਨੇ ਦਾ ਬੂਰ ਝੜਨ ਨਾਲ ਝਾੜ ਘਟਣ ਦੀਆਂ ਸੰਭਾਵਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਕੁਦਰਤੀ ਕਰੋਪੀ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਮਾਰ ਪੈ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਵੱਡੀ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਕਿਸਾਨਾਂ ਦੇ ਅਰਮਾਨਾਂ ਨੂੰ ਬਰਸਾਤ ਨੇ ਤਹਿਸ ਨਹਿਸ ਕਰ ਦਿੱਤਾ ਹੈ।

ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੁੱਟਰ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਗੱਜਣ ਸਿੰਘ ਹਰਿਆਊ ਤੇ ਸਾਬਕਾ ਤਹਿਸੀਲਦਾਰ ਕਰਮਜੀਤ ਸਿੰਘ ਨੇ ਕਿਹਾ ਕਿ ਬਰਸਾਤ ਕਰਕੇ ਫਸਲਾਂ ਦਾ ਹੋਇਆ ਨੁਕਸਾਨ ਕੁਦਰਤੀ ਆਫ਼ਤ ਹੈ ਜਿਸ ਦੀ ਸਰਕਾਰ ਨੂੰ ਭਰਪਾਈ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਕਾਰ ਨੂੰ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਲਾਕੇ ਦੇ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦੇ ਨੁਕਸਾਨ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ ,ਜਦੋਂ ਕਿ ਸ਼ਹਿਰ ਵਾਸੀ ਬਜ਼ਾਰ, ਗਲੀਆਂ ਤੇ ਹੋਰ ਜਨਤਕ ਥਾਵਾਂ ’ਤੇ ਖੜ੍ਹੇ ਪਾਣੀ ਕਾਰਨ ਪ੍ਰੇਸ਼ਾਨ ਹੋਏ। ਦੱਸਣਯੋਗ ਹੈ ਕਿ ਕਿਸਾਨ ਦੀ ਝੋਨੇ ਦੀ ਫਸਲ ਪੱਕ ਰਹੀ ਹੈ। ਇਸ ਹਾਲਤ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਕਾਰਨ ਝੋਨੇ ਦਾ ਝਾੜ ਘਟਣ ਅਤੇ ਚੌਲ ਦੀ ਕੁਆਲਿਟੀ ਦਾ ਨੁਕਸਾਨ ਹੋਣ ਦਾ ਖਤਰਾ ਵਧ ਗਿਆ ਹੈ।

ਪਿੰਡ ਕਾਕੜਾ ਦੇ ਕਿਸਾਨ ਗੁਰਤੇਜ ਸਿੰਘ ਗੋਗੀ ਬਖੋਪੀਰ, ਗੁਰਮੀਤ ਸਿੰਘ ਭੱਟੀਵਾਲ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਮੁੱਖ ਬਜ਼ਾਰ, ਅਨਾਜ ਮੰਡੀ, ਨਵਾਂ ਬੱਸ ਸਟੈਂਡ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਮੀਂਹ ਦਾ ਪਾਣੀ ਖੜ੍ਹ ਗਿਆ ਹੈ। ਜਿਸ ਨਾਲ ਲੋਕਾਂ, ਦੁਕਾਨਦਾਰਾਂ, ਸਕੂਲੀ ਬੱਚਿਆਂ ਅਤੇ ਰੇਹੜੀ ਵਾਲਿਆਂ ਨੂੰ ਪ੍ਰੇਸ਼ਾਨ ਹੋਇਆ ਪਿਆ।

ਇਸ ਸਬੰਧੀ ਖੇਤੀਬਾੜੀ ਅਫਸਰ ਭਵਾਨੀਗੜ੍ਹ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਲਗਾਤਾਰ ਪੈ ਰਿਹਾ ਮੀਂਹ ਚਿੰਤਾ ਦਾ ਵਿਸ਼ਾ ਹੈ। ਉਹ ਬਲਾਕ ਦੇ ਪਿੰਡਾਂ ਵਿੱਚ ਫ਼ਸਲੀ ਨੁਕਸਾਨ ਦੀ ਪੜਤਾਲ ਕਰ ਰਹੇ ਹਨ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਲਹਿਰਾਗਾਗਾ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਘਰਾਂ /ਦੁਕਾਨਾਂ ਵਿੱਚ ਮੀਂਹ ਦਾ ਪਾਣੀ ਜਾ ਵੜਿਆ। ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਅੱਗੇ ਕਈ ਫੁੱਟ ਪਾਣੀ ਖੜ੍ਹਨ ਕਰਕੇ ਆਵਾਜਾਈ ’ਚ ਪ੍ਰੇਸ਼ਾਨੀ ਝੱਲਣੀ ਪਈ। ਉਧਰ ਲਹਿਰਾਗਾਗਾ ਦੇ ਮੁੱਖ ਬਾਜ਼ਾਰ ਨੂੰ ਮਿਲਾਉਣ ਲਈ ਬਣਾਏ ਜ਼ਮੀਨਦੋਜ਼ ਪੁਲ ਅੰਦਰ ਕਈ ਫੁੱਟ ਪਾਣੀ ਜਮ੍ਹਾਂ ਹੋਣ ਕਰਕੇ ਰਾਹ ਨਹੀਂ ਖੁੱਲ੍ਹ ਸਕਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All