
ਗ੍ਰਿਫਤਾਰ ਕੀਤੇ ਚਾਰ ਅਗਵਾਕਾਰ ਪੁਲੀਸ ਪਾਰਟੀ ਨਾਲ।
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 6 ਦਸੰਬਰ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਖਨੌਰੀ ਤੋਂ ਅਗਵਾ ਕੀਤੇ ਵਪਾਰੀ ਨੂੰ ਚਾਰ ਘੰਟਿਆਂ ਵਿਚ ਅਗਵਾਕਾਰਾਂ ਕੋਲੋਂ ਸਹੀ ਸਲਾਮਤ ਛੁਡਵਾ ਲਿਆ ਹੈ ਅਤੇ ਚਾਰ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਏਅਰ ਪਿਸਟਲ, ਇੱਕ ਗੰਡਾਸਾ, ਇੱਕ ਸਵਿਫ਼ਟ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਿਰਮਲ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਖਨੌਰੀ ਨੇ ਇਤਲਾਹ ਦਿੱਤੀ ਸੀ ਕਿ ਉਸ ਦਾ ਭਰਾ ਸੰਜੇ ਕੁਮਾਰ ਉਰਫ਼ ਸੰਜੂ ਵਾਸੀ ਮੁੱਖ ਬਾਜ਼ਾਰ ਖਨੌਰੀ ਵਿਖੇ ਅੱਜ ਸਵੇਰੇ ਛੇ ਵਜੇ ਦੁਕਾਨ ਦੀ ਸਾਫ਼ ਸਫ਼ਾਈ ਅਤੇ ਸੈਰ ਕਰਨ ਲਈ ਗਿਆ ਸੀ ਤਾਂ ਅਣਪਛਾਤੇ ਵਿਅਕਤੀਆਂ ਵਲੋਂ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਦੇ ਪਿਤਾ ਰਾਮ ਨਿਵਾਸ ਨੂੰ ਫੋਨ ਕਾਲ ਕਰਕੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ। ਅਗਵਾਕਾਰਾਂ ਨੇ ਚਿਤਾਵਨੀ ਦਿੱਤੀ ਕਿ ਪੈਸੇ ਨਾ ਦੇਣ ’ਤੇ ਸੰਜੇ ਕੁਮਾਰ ਨੂੰ ਜਾਨੋ ਮਾਰ ਦੇਣਗੇ। ਉਨ੍ਹਾਂ ਦੱਸਿਆ ਕਿ ਥਾਣਾ ਖਨੌਰੀ ਵਿੱਚ ਧਾਰਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਸ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਤੁਰੰਤ ਡੀਐਸਪੀ ਮੂਨਕ ਮਨੋਜ ਗੋਰਸੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਸੰਜੇ ਕੁਮਾਰ ਉਰਫ਼ ਸੰਜੂ ਨੂੰ ਅਗਵਾਕਾਰਾਂ ਤੋਂ ਬਰਾਮਦ ਕਰ ਲਿਆ। ਇਸ ਦੌਰਾਨ ਹਰਪ੍ਰੀਤ ਸਿੰਘ ਉਰਫ਼ ਹੈਪੀ, ਰਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਉਰਫ਼ ਗੋਰਾ ਅਤੇ ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਕਰਨ ਸਮੇਂ ਵਰਤੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਗਏ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਅਗਵਾਕਾਰਾਂ ਨੇ ਪਹਿਲਾਂ ਤਾਂ ਫੋਨ ਕਰਕੇ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਪਰੰਤੂ ਬਾਅਦ ਵਿਚ ਅਗਵਾ ਹੋਏ ਵਪਾਰੀ ਦੇ ਘਰ ਫੋਨ ਕਰਕੇ ਫਿਰੌਤੀ ਦੀ ਰਕਮ ਘਟਾਉਂਦੇ ਗਏ। ਉਧਰ, ਅਗਵਾ ਹੋਏ ਵਪਾਰੀ ਦੀ ਭਾਲ ’ਚ ਜੁਟੀ ਪੁਲੀਸ ਨੇ ਲੋਕੇਸ਼ਨ ਟਰੇਸ ਕਰਕੇ ਅਗਵਕਾਰਾਂ ਨੂੰ ਦਬੋਚ ਲਿਆ ਅਤੇ ਵਪਾਰੀ ਨੂੰ ਸਹੀ ਸਲਾਮਤ ਛੁਡਵਾ ਲਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ