ਨਾਟਕ ‘ਹਮਾਰੇ ਰਾਮ’ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਕੈਬਨਿਟ ਮੰਤਰੀ ਅਮਨ ਅਰੋੜਾ, ਬਰਿੰਦਰ ਗੋਇਲ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਿਰਕਤ ਕੀਤੀ
ਪੰਜਾਬ ਸਰਕਾਰ ਵੱਲੋਂ ਭਗਵਾਨ ਸ੍ਰੀ ਰਾਮ ਦੇ ਸਦੀਵੀ ਉਪਦੇਸ਼ਾਂ, ਜੀਵਨ ਅਤੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨਾਟਕ ‘ਹਮਾਰੇ ਰਾਮ’ ਦਾ ਮੰਚਨ ਇੱਥੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨੋਲਜੀ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ। ਨਾਟਕ ਦੀ ਵਿਲੱਖਣ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਸ਼ੁਰੂ ਤੋਂ ਅੰਤ ਤੱਕ ਦਰਸ਼ਕਾਂ ਨੂੰ ਬਿਠਾਈ ਰੱਖਿਆ। ਉੱਘੇ ਬੌਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਨੇ ਮੁੱਖ ਭੂਮਿਕਾ ਵਿੱਚ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਬਰਿੰਦਰ ਗੋਇਲ ਨੇ ਕਿਹਾ ਕਿ ‘ਹਮਾਰੇ ਰਾਮ’ ਨਾਟਕ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਮੁਫ਼ਤ ਕਰਵਾਏ ਜਾ ਰਹੇ 41 ਥੀਏਟਰ ਸ਼ੋਅ ਦੀ ਸੂਬਾ ਪੱਧਰੀ ਸੱਭਿਆਚਾਰਕ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਥੀਏਟਰ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਸੱਚ, ਧਰਮ, ਦਇਆ, ਏਕਤਾ ਅਤੇ ਮਨੁੱਖਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਮਹੱਤਵਪੂਰਨ ਉਪਰਾਲਾ ਹੈ। ਇਸ ਨਾਟਕ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖਾਸ ਕਰ ਕੇ ਨਵੇਂ ਪੀੜ੍ਹੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ, ਪ੍ਰਭਾਵਸ਼ਾਲੀ ਸੰਵਾਦਾਂ, ਰੁਹਾਨੀ ਸੰਗੀਤ, ਸ਼ਾਨਦਾਰ ਵਿਜ਼ੁਅਲਜ਼ ਅਤੇ ਵਿਸ਼ਵ ਪੱਧਰੀ ਸਟੇਜ ਕਲਾ ਦੇ ਸੁਮੇਲ ਨੇ ਦਰਸ਼ਕਾਂ ਲਈ ਭਾਵਨਾਤਮਕ ਅਤੇ ਅਧਿਆਤਮਿਕ ਮਾਹੌਲ ਸਿਰਜ ਕੇ ਨਿਹਾਲ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੁਖਚੈਨ ਸਿੰਘ ਐੱਸ ਡੀ ਐੱਮ ਸਤੀਸ਼ ਚੰਦਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

