ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ
ਸਥਾਨਕ ਸ਼ਹਿਰ ’ਚ ਇੱਕ ਵਿਅਕਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਆਪਣੇ ਪੇਕੇ ਘਰ ਦੋ ਬੱਚਿਆਂ ਸਮੇਤ ਰਹਿ ਰਹੀ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਅਧੀਨ ਧਾਰਾ 306 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ-1 ਪੁਲੀਸ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿੰਦਰ ਕੌਰ ਵਾਸੀ ਸੁੰਦਰ ਬਸਤੀ ਸੰਗਰੂਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਲੜਕੀ ਜੋਤੀ (30) ਸਥਾਨਕ ਸੁੰਦਰ ਬਸਤੀ ਵਿੱਚ ਹੀ ਕਰੀਬ 12 ਸਾਲ ਤੋਂ ਰਹਿ ਰਹੀ ਸੀ ਜਿਸ ਦੇ ਦੋ ਬੱਚੇ ਹਨ। ਉਸ ਦੀ ਲੜਕੀ ਜੋਤੀ ਆਪਣੇ ਦੋਨੋਂ ਬੱਚਿਆਂ ਸਮੇਤ ਆਪਣੇ ਪੇਕੇ ਘਰ ਉਸ ਕੋਲ ਆਈ ਹੋਈ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਜੋਤੀ ਨੂੰ ਰਿੰਕੀ ਨਾਂ ਦਾ ਵਿਅਕਤੀ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਵਾਪਸ ਆਪਣੇ ਪਤੀ ਕੋਲ ਗਈ ਤਾਂ ਊਹ ਦਵਾਈ ਪੀ ਕੇ ਮਰ ਜਾਵੇਗਾ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਸਵੇਰੇ ਰਿੰਕੀ ਉਸ ਦੀ ਲੜਕੀ ਨੂੰ ਧੱਕੇ ਨਾਲ ਕੁੱਝ ਰੁਪਏ ਫੜਾ ਗਿਆ ਸੀ ਅਤੇ ਕਹਿ ਕੇ ਗਿਆ ਸੀ,‘ਤੂੰ ਇੱਥੋਂ ਕਿਤੇ ਹੋਰ ਚਲੀ ਜਾ, ਆਪਾਂ ਵਿਆਹ ਕਰਵਾ ਲਵਾਂਗੇ।’ ਮਾਤਾ ਅਨੁਸਾਰ ਸਵੇਰੇ ਕਰੀਬ ਦਸ ਵਜੇ ਉਸ ਦੀ ਲੜਕੀ ਜੋਤੀ ਨੇ ਬਦਨਾਮੀ ਦੇ ਡਰੋਂ ਰਿੰਕੀ ਵਲੋਂ ਫੜਾਏ ਪੈਸਿਆਂ ਨਾਲ ਹੀ ਕਿਤੋਂ ਜ਼ਹਿਰੀਲੀ ਦਵਾਈ ਲਿਆ ਕੇ ਖਾ ਲਈ। ਮਗਰੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸ ਨੇ ਦੋਸ ਲਾਇਆ ਕਿ ਉਸ ਦੀ ਲੜਕੀ ਦੀ ਮੌਤ ਲਈ ਰਿੰਕੀ ਜ਼ਿੰਮੇਵਾਰ ਹੈ ਜਿਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।