DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sangrur ਦੇ ਬਾਜ਼ਾਰਾਂ ’ਚ ਵੀ ਸੁੰਨ ਪੱਸਰੀ

ਕੌਮੀ ਮਾਰਗ ’ਤੇ ਚੱਕਾ ਜਾਮ ਕਰ ਕੇ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ

  • fb
  • twitter
  • whatsapp
  • whatsapp
featured-img featured-img
ਸੰਗਰੂਰ ਸ਼ਹਿਰ ਵਿੱਚ ਪੰਜਾਬ ਬੰਦ ਦੇ ਸੱਦੇ ਦੌਰਾਨ ਮੁਕੰਮਲ ਬੰਦ ਪਿਆ ਬਾਜ਼ਾਰ।
Advertisement

ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੰਗਰੂਰ ਸ਼ਹਿਰ ਵਿੱਚ ਮੁਕੰਮਲ ਹੁੰਗਾਰਾ ਮਿਲਿਆ। ਵਪਾਰੀ ਵਰਗ ਦੇ ਪੂਰਨ ਸਮਰਥਨ ਸਦਕਾ ਧੂਰੀ ਗੇਟ, ਪਟਿਆਲਾ ਗੇਟ, ਨਾਭਾ ਗੇਟ, ਸੁਨਾਮੀ ਗੇਟ ਅਤੇ ਸਦਰ ਬਾਜ਼ਾਰ ਸਮੇਤ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਮੁਕੰਮਲ ਤੌਰ ਉੱਤੇ ਬੰਦ ਰਹੇ। ਇੱਥੋਂ ਤੱਕ ਕਿ ਸਬਜ਼ੀ ਮੰਡੀ ਵਿੱਚ ਵੀ ਕੋਈ ਰੇਹੜੀ ਨਹੀਂ ਲੱਗੀ। ਬੰਦ ਦੌਰਾਨ ਸਿਰਫ਼ ਮੈਡੀਕਲ ਸਟੋਰਾਂ ਨੂੰ ਛੋਟ ਦਿੱਤੀ ਗਈ ਸੀ। ਸ਼ਹਿਰ ਦੇ ਪ੍ਰਾਈਵੇਟ ਸਕੂਲ ਬੰਦ ਰਹੇ, ਜਦਕਿ ਸਰਕਾਰੀ ਸਕੂਲਾਂ ਵਿੱਚ ਕੰਮ ਆਮ ਵਾਂਗ ਚੱਲਿਆ। ਦੂਜੇ ਪਾਸੇ ਸੜਕਾਂ ਜਾਮ ਹੋਣ ਕਾਰਨ ਬੱਸ ਅੱਡੇ ਉੱਤੇ ਵੀ ਸੰਨਾਟਾ ਪਸਰਿਆ ਰਿਹਾ ਅਤੇ ਆਵਾਜਾਈ ਠੱਪ ਰਹੀ। ਕੁਝ ਸਿੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਖੁੱਲ੍ਹੇ ਇੱਕ ਬਲਿੰਕਿਟ ਸਟੋਰ ਨੂੰ ਵੀ ਬੰਦ ਕਰਵਾਇਆ। ਇਸੇ ਦੌਰਾਨ ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਸਤੂਆਣਾ ਸਾਹਿਬ ਨੇੜੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਉੱਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਸ਼ਹਿਰ ਮੁਕੰਮਲ ਬੰਦ ਰਿਹਾ। ਦੁਕਾਨਾਂ, ਵਪਾਰਕ ਅਦਾਰੇ ਅਤੇ ਪ੍ਰਾਈਵੇਟ ਬੱਸ ਸੇਵਾ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ, ਜਦਕਿ ਸਰਕਾਰੀ ਬੱਸਾਂ ਆਮ ਵਾਂਗ ਚੱਲੀਆਂ।

Advertisement

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਉੱਤੇ ਭਵਾਨੀਗੜ੍ਹ ਦਾ ਮੁੱਖ ਬਾਜ਼ਾਰ ਮੁਕੰਮਲ ਤੌਰ ਉੱਤੇ ਬੰਦ ਰਿਹਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵਾਰਿਸ ਪੰਜਾਬ ਦੇ ਆਗੂਆਂ ਨੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਉੱਤੇ ਧਰਨਾ ਦਿੱਤਾ। ਇਸੇ ਦੌਰਾਨ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਪਿੰਡ ਚੰਨੋਂ ਨੇੜੇ ਮੁੱਖ ਮਾਰਗ ਉੱਤੇ ਧਰਨਾ ਦਿੱਤਾ ਗਿਆ।

Advertisement

ਦਿੜ੍ਹਬਾ ਮੰਡੀ(ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਹੁੰਗਾਰਾ ਮਿਲਦਿਆਂ ਸਾਰੇ ਕਾਰੋਬਾਰ ਤੇ ਦੁਕਾਨਾਂ ਬੰਦ ਰਹੀਆਂ। ਰਣਧੀਰ ਸਿੰਘ ਸੰਮੂਰਾਂ, ਕਸ਼ਮੀਰ ਸਿੰਘ ਰੋੜੇਵਾਲ ਅਤੇ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਲੋਕਾਂ ਵੱਲੋਂ ਬਿਨਾਂ ਦਬਾਅ ਦਿੱਤਾ ਸਮਰਥਨ ਬੰਦੀ ਸਿੰਘਾਂ ਪ੍ਰਤੀ ਹਮਦਰਦੀ ਦਾ ਪ੍ਰਤੀਕ ਹੈ।

ਦਿੜ੍ਹਬਾ ਮੰਡੀ ਵਿੱਚ ਧਰਨੇ ’ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਹੋਰ ਜਥੇਬੰਦੀਆਂ ਦੇ ਵਰਕਰ।
ਦਿੜ੍ਹਬਾ ਮੰਡੀ ਵਿੱਚ ਧਰਨੇ ’ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਹੋਰ ਜਥੇਬੰਦੀਆਂ ਦੇ ਵਰਕਰ।

ਅਮਰਗੜ੍ਹ (ਸੁਖਵਿੰਦਰ ਸਿੰਘ ਅਟਵਾਲ): ਪੰਜਾਬ ਬੰਦ ਦੇ ਸੱਦੇ ਦਾ ਅਸਰ ਅਮਰਗੜ੍ਹ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ 80 ਫ਼ੀਸਦੀ ਤੋਂ ਵੱਧ ਬਾਜ਼ਾਰ ਦੁਪਹਿਰ 2 ਵਜੇ ਤੱਕ ਬੰਦ ਰਿਹਾ। ਸਬਜ਼ੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਲੋਕਾਂ ਨੇ ਆਪ-ਮੁਹਾਰੇ ਸ਼ਟਰ ਬੰਦ ਰੱਖੇ। ਇਸ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਬੰਦ ਰਹੀਆਂ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਬੰਦੀ ਸਿੰਘਾਂ ਦੇ ਹੱਕ ਵਿੱਚ ਸਮਰਥਨ ਦੇਣ ਲਈ ਵਪਾਰੀਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ।

ਲੌਂਗੋਵਾਲ (ਰਘਵੀਰ ਸਿੰਘ ਚੰਗਾਲ): ਕਸਬਾ ਲੌਂਗੋਵਾਲ ਵਿੱਚ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰ, ਕਾਰੋਬਾਰ ਅਤੇ ਛੋਟੇ-ਮੋਟੇ ਕਾਰਖਾਨੇ ਮੁਕੰਮਲ ਬੰਦ ਰਹੇ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਸਰਕਾਰੀ ਅਦਾਰੇ ਤੇ ਬੈਂਕ ਖੁੱਲ੍ਹੇ ਰਹੇ, ਪਰ ਲੋਕਾਂ ਦੀ ਆਮਦ ਨਾ-ਮਾਤਰ ਹੀ ਰਹੀ।

ਸੰਦੌੜ ਵਿੱਚ ਪੰਜਾਬ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਸੰਦੌੜ (ਮੁਕੰਦ ਸਿੰਘ ਚੀਮਾ): ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸੰਦੌੜ ਇਲਾਕੇ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਸੰਦੌੜ ਵਿੱਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਰਹੀਆਂ, ਜਦਕਿ ਕੁਝ ਦੁਕਾਨਾਂ ਦੁਪਹਿਰ ਤੱਕ ਬੰਦ ਰੱਖੀਆਂ ਗਈਆਂ। ਹਾਲਾਂਕਿ, ਇਲਾਕੇ ਦੇ ਸਾਰੇ ਪ੍ਰਾਈਵੇਟ ਸਕੂਲ ਅਤੇ ਸੜਕਾਂ ਉੱਤੇ ਬੱਸਾਂ ਦੀ ਆਵਾਜਾਈ ਮੁਕੰਮਲ ਬੰਦ ਰਹੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਪੰਥਕ ਜਥੇਬੰਦੀਆਂ ਨੇ ਮਾਲੇਰਕੋਟਲਾ-ਰਾਏਕੋਟ ਰੋਡ ਉੱਤੇ ਕਲਿਆਣ ਨਹਿਰੀ ਪੁਲ ਨੇੜੇ ਦੁਪਹਿਰ ਦੋ ਵਜੇ ਤੱਕ ਧਰਨਾ ਦੇ ਕੇ ਆਵਾਜਾਈ ਠੱਪ ਰੱਖੀ।

ਵਪਾਰੀਆਂ ਦਾ ਧੰਨਵਾਦ ਕੀਤਾ

ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਨੂੰ ਧੂਰੀ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਬਾਜ਼ਾਰ ਮੁਕੰਮਲ ਬੰਦ ਰਹੇ। ਸਿਰਫ਼ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਨਜ਼ਰ ਆਈਆਂ। ਮੋਰਚੇ ਦੇ ਆਗੂਆਂ ਅਮਰਜੀਤ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਅਲਾਲ ਅਤੇ ਭੁਪਿੰਦਰ ਸਿੰਘ ਨੇ ਸ਼ਹਿਰ ਵਿੱਚ ਮਾਰਚ ਕਰ ਕੇ ਸਮਰਥਨ ਲਈ ਵਪਾਰੀਆਂ ਦਾ ਧੰਨਵਾਦ ਕੀਤਾ ਅਤੇ ਕੇਂਦਰ ਤੋਂ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਐੱਸ ਐੱਚ ਓ ਰਮਨਦੀਪ ਸਿੰਘ ਬਾਵਾ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

Advertisement
×