ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਅਕਤੂਬਰ
ਇਥੋਂ ਨੇੜਲੇ ਪਿੰਡ ਜਲੂਰ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੀ ਅਗਵਾਈ ’ਚ ਵਰਕਰਾਂ ਨੇ ਸੰਗਰੂਰ ਦੇ ਨਵਨਿਯੁਕਤ ਐਸਐਸਪੀ ਵੱਲੋਂ ਦਲਿਤ ਸੰਘਰਸ਼ਸੀਲ ਲੋਕਾਂ ਨਾਲ ਧੱਕੇਸ਼ਾਹੀ ਖਿਲਾਫ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਖਜ਼ਾਨਚੀ ਮੱਖਣ ਸਿੰਘ ਜਲੂਰ ਨੇ ਦੱਸਿਆ ਕਿ ਸੰਗਰੂਰ ਦੇ ਐੱਸਐੱਸਪੀ ਵੱਲੋਂ ਦਲਿਤਾਂ ਅਤੇ ਸੰਘਰਸ਼ਸ਼ੀਲ ਲੋਕਾ ਨਾਲ ਧੱਕਾ ਕਰਕੇ ਭਾਜਪਾ ਅਤੇ ਆਰਐੱਸਐੱਸ ਆਗੂਆਂ ਦਾ ਪੱਖ ਪੂਰਿਆ ਜਾ ਰਿਹੈ। ਊਨ੍ਹਾਂ ਕਿਹਾ ਕਿ ਇਸ ਦੀ ਪ੍ਰਤੱਖ ਮਿਸਾਲ ਪਿੰਡ ਬਾਲਦ ਕਲਾਂ ਦੇ ਦਲਿਤਾਂ ਦਾ ਪਿਛਲੇ ਚਾਰ ਸਾਲਾਂ ਤੋਂ ਪੈਂਡਿੰਗ ਪਿਆ ਕੇਸ ਹੈ, ਜਿਸ ਵਿੱਚ ਹੁਣ ਚਾਲਾਨ ਪੇਸ਼ ਕਰ ਕੇ ਸਾਰੇ ਪਿੰਡ ਦੇ ਦਲਿਤਾਂ ਦੇ ਘਰ ਸੰਮਨ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰ ਕੇ ਵਾਪਸ ਪਰਤ ਰਹੇ ਨੌਜਵਾਨਾਂ ਉਪਰ ਝੂਠਾ ਮੁਕੱਦਮਾ ਦਰਜ ਕਰਕੇ ਜੇਲ੍ਹੀਂ ਡੱਕਿਆ ਗਿਆ ਹੈ ਜਦੋਂ ਕਿ ਨੌਜਵਾਨਾਂ ਨਾਲ ਗੁੰਡਾਗਰਦੀ ਕਰਨ ਵਾਲੇ ਆਰਐੱਸਐੱਸ ਦੇ ਆਗੂਆਂ ਖ਼ਿਲਾਫ਼ ਅਜੇ ਤਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪੁਲੀਸ ਹੁਕਮਰਾਨ ਖਿਲਾਫ ਰੋਹ ’ਚ ਆਏ ਦਲਿਤਾਂ ਨੇ ਅੱਜ ਇਕੱਠੇ ਹੋ ਕੇ ਪਿੰਡ ਜਲੂਰ ਵਿੱਚ ਅਰਥੀ ਫੂਕ ਕੇ ਐਸਐਸਪੀ ਅਤੇ ਆਰਐੱਸਐੱਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਇਸ ਧੱਕੇਸ਼ਾਹੀ ਖਿਲਾਫ ਜਲਦ ਹੀ ਵੱਡਾ ਐਕਸ਼ਨ ਉਲੀਕਣ ਦਾ ਸੱਦਾ ਦਿੰਦਿਆਂ ਕਿਹਾ ਕਿ ਲਹਿਰਾਗਾਗਾ ਦੇ ਵੱਖ ਵੱਖ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਬਿੰਦਰ ਸਿੰਘ, ਲਾਭ ਸਿੰਘ, ਸਤਪਾਲ ਸਿੰਘ, ਅਜਾਇਬ ਸਿੰਘ ਆਦਿ ਹਾਜ਼ਰ ਸਨ।