ਡੇਰੇ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਤੋਹਫੇ ਵਜੋਂ ਦੇਣ ਖ਼ਿਲਾਫ਼ ਹਿੰਦੂ ਭਾਈਚਾਰੇ ਨੇ ਮਾਰਚ ਕੱਢਿਆ

ਮੁੱਖ ਮੰਤਰੀ ਦੇ ਨਾਂ ਪੱਤਰ ’ਚ ਜ਼ਮੀਨ ਦਾ ਤਬਾਦਲਾ ਖਾਰਜ ਕਰਨ ਦੀ ਕੀਤੀ ਮੰਗ

ਡੇਰੇ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਤੋਹਫੇ ਵਜੋਂ ਦੇਣ ਖ਼ਿਲਾਫ਼ ਹਿੰਦੂ ਭਾਈਚਾਰੇ ਨੇ ਮਾਰਚ ਕੱਢਿਆ

ਮਾਲੇਰਕੋਟਲਾ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਰੋਸ ਮਾਰਚ ਕੱਢਦੇ ਹੋਏ।

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 28 ਸਤੰਬਰ

ਨੀਮ ਮਾਰਗੀ ਬੈਰਾਗੀ ਭੇਖ ਨਾਲ ਸਬੰਧਤ ਸਥਾਨਕ ਡੇਰਾ ਬਾਬਾ ਆਤਮਾ ਰਾਮ, ਜਿਸ ਵਿੱਚ ਭਗਵਾਨ ਹਨੂੰਮਾਨ ਦੀ ਸਿੱਧ ਮੂਰਤੀ ਅਤੇ ਬਾਬਾ ਆਤਮਾ ਰਾਮ ਦੀ ਸਮਾਧ ਵੀ ਸਥਾਪਤ ਹੈ, ਡੇਰੇ ਦਾ ਮਹੰਤ ਕਹਾਉਂਦੇ ਬਲਦੇਵ ਸਿੰਘ ਨਾਮੀ ਵਿਅਕਤੀ ਵੱਲੋਂ 24 ਸਤੰਬਰ ਨੂੰ ਡੇਰੇ ਦੀ ਕਰੀਬ 550 ਵਿੱਘੇ ਜ਼ਮੀਨ ਵਿੱਚੋਂ 126 ਵਿੱਘੇ 7 ਵਿਸਵੇ 4 ਵਿਸਵਾ ਜ਼ਮੀਨ ਪੰਜਾਬ ਸਰਕਾਰ ਨੂੰ ਤੋਹਫੇ ਵਜੋਂ ਦੇਣ ਖ਼ਿਲਾਫ਼ ਸਥਾਨਕ ਹਿੰਦੂ ਭਾਈਚਾਰੇ ਨੇ ਸ਼ਹਿਰ ਅੰਦਰ ਕਾਲੇ ਬਿੱਲੇ ਲਾ ਕੇ ਹਨੂੰਮਾਨ ਮੰਦਰ ਤੋਂ ਕਾਲੀ ਦੇਵੀ ਮੰਦਰ ਤੱਕ ਰੋਸ ਮਾਰਚ ਕੱਢਿਆ। ਮਗਰੋਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਉਕਤ ਜ਼ਮੀਨ ਦਾ ਤਬਾਦਲਾ ਤੁਰੰਤ ਖਾਰਜ ਕਰਕੇ ਜ਼ਮੀਨ ਮੁੜ ਡੇਰੇ ਨੂੰ ਵਾਪਸ ਕੀਤਾ ਜਾਵੇ, ਬਲਦੇਵ ਨਾਮੀ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਡੇਰੇ ਦੀ ਜਾਇਦਾਦ ਦੀ ਰੱਖਿਆ ਯਕੀਨੀ ਬਣਾਈ ਜਾਵੇ।

ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਡੇਰੇ ਦੀ ਨਗਰ ਪੰਚਾਇਤ ਵੀ ਬਣੀ ਹੋਈ ਹੈ, ਜੋ 30 ਸਾਲ ਤੋਂ ਡੇਰੇ ਦੀ ਦੇਖ ਰੇਖ ਕਰਦੀ ਹੈ। ਉਕਤ ਡੇਰੇ ‘ਚ ਡੇਰੇ ‘ਚ ਦਸਹਿਰਾ, ਦੀਵਾਲੀ, ਸ਼ਿਵਰਾਤਰੀ, ਕ੍ਰਿਸ਼ਨ ਜਨਮ ਅਸ਼ਟਮੀ ਆਦਿ ਤਿਉਹਾਰ ਮਨਾਏ ਜਾਂਦੇ ਹਨ ਤੇ ਉਕਤ ਡੇਰਾ ਸ਼ਹਿਰ ‘ਚ ਵਸਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦਾ ਪਛਾਣ ਚਿੰਨ੍ਹ ਹੈ। ਮੰਗ ਪੱਤਰ ‘ਚ ਇਹ ਵੀ ਡਰ ਪ੍ਰਗਟਾਇਆ ਗਿਆ ਹੈ ਕਿ ਡੇਰੇ ਦੀ ਬਾਕੀ ਜਾਇਦਾਦ ਵੀ ਅਜਿਹੇ ਤਰੀਕੇ ਨਾਲ ਡੇਰੇ ਤੋਂ ਅਲੱਗ ਨਾ ਕੀਤੀ ਜਾਵੇ। ਮੰਗ ਪੱਤਰ ‘ਚ ਕਿਹਾ ਗਿਆ ਹੈ ਕਿ ਬਲਦੇਵ ਸਿੰਘ ਨਾਮੀ ਵਿਅਕਤੀ, ਜੋ ਆਪਣੇ ਆਪ ਨੂੰ ਡੇਰੇ ਦਾ ਮਹੰਤ ਦੱਸਦਾ ਹੈ, ਦਾ ਡੇਰੇ ਦੀ ਮਹੰਤੀ ਨਾਲ ਕੋਈ ਤੁਅੱਲਕ ਨਹੀਂ। ਉਸ ਨੂੰ ਅਜਿਹਾ ਹਿੱਬਾਨਾਮਾ ਕਰਨ ਦਾ ਕੋਈ ਅਖ਼ਤਿਆਰ ਨਹੀਂ ਅਤੇ ਨਾ ਹੀ ਇਸ ਤਰ੍ਹਾਂ ਡੇਰੇ ਦੀ ਜਾਇਦਾਦ ਹਿੱਬੇ ‘ਚ ਦਿੱਤੀ ਜਾ ਸਕਦੀ ਹੈ। ਐੱਸ.ਡੀ.ਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਮੰਗ ਪੱਤਰ ਪ੍ਰਾਪਤ ਕਰਕੇ ਵਿਸ਼ਵਾਸ ਦਿੱਤਾ ਕਿ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।

ਉਧਰ, ਇਸ ਸਬੰਧੀ ਬਣੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਐਡਵੋਕੇਟ ਯਸ਼ਪਾਲ ਗੋਇਲ, ਰਮੇਸ਼ ਜੈਨ, ਪਵਨ ਜੈਨ ਤੇ ਕਮਲਕਾਂਤ ਗੁਪਤਾ ਨੇ ਕਿਹਾ ਕਿ ਜੇਕਰ ਹਿੱਬਾਨਾਮਾ ਖਾਰਜ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਵਿੱਢਿਆ ਜਾਵੇਗਾ। ਨਵਾਂ ਸ਼ਹਿਰ ਤੋਂ ਪਹੁੰਚੇ ਸ਼ਿਵ ਸੈਨਾ ਹਿੰਦ ਦੇ ਆਗੂ ਭਾਰਤੀ ਆਂਗਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਹਿਬਾਨਾਮਾ ਖਾਰਜ ਨਾ ਕੀਤਾ ਤਾਂ ਉਹ ਭੁੱਖ ਹੜਤਾਲ ‘ਤੇ ਬੈਠਣਗੇ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਦੀਪਕ ਜੈਨ , ਭਾਜਪਾ ਆਗੂ ਅਮਨ ਥਾਪਰ, ਦਵਿੰਦਰ ਸਿੰਗਲਾ ਬੋਬੀ, ਐਡਵੋਕੇਟ ਰੋਹਿਤ ਜੈਨ, ਐਡਵੋਕੇਟ ਰਿਸ਼ਵ ਜੈਨ, ਗਊ ਰੱਖਿਆ ਦੇ ਆਗੂ ਨੀਲਮਨੀ, ਬਰਨਾਲਾ, ਬੇਅੰਤ ਕਿੰਗਰ, ਸਚਿਨ ਕੁਮਾਰ, ਸੁਰੇਸ਼ ਜੈਨ, ਅਭਿਨਵ ਕਾਂਸਲ, ਰਾਜੇਸ਼ ਰਿਖੀ, ਸੰਜੇ ਵੋਹਰਾ, ਡਿਲੇਸ਼ ਸ਼ਰਮਾ,ਰਾਜ ਕੁਮਾਰ, ਵਿਨੋਦ ਸ਼ਰਮਾ, ਸਰੋਜ ਸ਼ਰਮਾ ਤੇ ਭਾਵਨਾ ਮਹਾਜਨ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All