ਗਰਮੀ ਤੇ ਲੂ ਨੇ ਲੋਕਾਂ ਦੇ ਵੱਟ ਕੱਢੇ
ਪਵਨ ਕੁਮਾਰ ਵਰਮਾ
ਧੂਰੀ, 12 ਜੂਨ
ਇੱਥੇ ਜੇਠ ਮਹੀਨਾ ਭੱਠੀ ਵਾਂਗ ਤਪਣ ਲੱਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਾਪਮਾਨ ਕਾਰਨ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਗਰਮ ਹਵਾ ਚੱਲਣ ਕਾਰਨ ਲੋਕ ਆਥਣ ਤੱਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਅੱਜ ਤੇਜ਼ ਧੁੱਪ ਅਤੇ ਗਰਮੀ ਕਾਰਨ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਸੜਕਾਂ ’ਤੇ ਸੰਨਾਟਾ ਛਾਇਆ ਰਿਹਾ ਤੇ ਬਾਜ਼ਾਰਾਂ ’ਚ ਗਾਹਕਾਂ ਦੀ ਭੀੜ ਵੀ ਘੱਟ ਗਈ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ ’ਚ ਸੁੰਨ ਪਸਰ ਗਈ। ਦੋਪਹੀਆ ਵਾਹਨ ਚਾਲਕਾਂ ਨੂੰ ਸੜਕ ’ਤੇ ਸਫ਼ਰ ਕਰਨ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਾਰੀ ਕਾਰਜਾਂ ’ਚ ਲੱਗੇ ਰਾਜ ਮਿਸਤਰੀਆਂ ਅਤੇ ਮਜ਼ਦੂਰਾਂ ਦਾ ਗਰਮੀ ਨੇ ਨੱਕ ’ਚ ਦਮ ਕਰੀ ਰੱਖਿਆ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਨੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ’ਤੇ ਅਸਰ ਪਾਇਆ ਹੈ। ਸ਼ਹਿਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਉਲਟੀਆਂ, ਦਸਤ ਅਤੇ ਪੇਟ ਦਰਦ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਮੌਸਮ ਵਿਭਾਗ ਨੇ ਲੂ ਅਤੇ ਅਤਿ ਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਮਾਹਿਰ ਡਾ. ਰਾਜੀਵ ਰਿਸ਼ੀ ਦਾ ਕਹਿਣਾ ਹੈ ਕਿ ਵਧ ਰਿਹਾ ਤਾਪਮਾਨ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਮਜ਼ਦੂਰਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਹਲਕੇ ਰੰਗਾਂ ਵਾਲੇ ਤੇ ਢਿੱਲੇ ਕੱਪੜੇ ਪਾਉਣ, ਵੱਧ ਤੋਂ ਵੱਧ ਪਾਣੀ ਪੀਣ, ਓ.ਆਰ.ਐੱਸ., ਨਿੰਬੂ ਪਾਣੀ ਦਾ ਸੇਵਨ ਕਰਨ, ਬਿਨਾਂ ਜ਼ਰੂਰਤ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਅਤੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।
ਉਧਰ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਖੁਰਾਕੀ ਵਸਤਾਂ, ਫਲਾਂ ਦੇ ਵੱਧ ਤੋਂ ਵੱਧ ਸੈਂਪਲ ਲੈਣੇ ਯਕੀਨੀ ਬਣਾਏ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਏਸੀ ਤੇ ਕੂਲਰਾਂ ਦੀ ਦੁਕਾਨਾਂ ’ਤੇ ਗਾਹਕਾਂ ਦੀ ਆਮਦ ਵਧੀ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਦੁਪਹਿਰ ਦੇ ਸਮੇਂ ਗਾਹਕ ਨਾਂਹ ਦੇ ਬਰਾਬਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਉਹ ਦੁਪਹਿਰ ਸਮੇਂ ਦੁਕਾਨ ਬੰਦ ਕਰਕੇ ਘਰ ਚਲੇ ਜਾਂਦੇ ਹਨ ਤੇ ਫਿਰ ਸ਼ਾਮ ਪੰਜ ਵਜੇ ਦੁਕਾਨ ਖੋਲ੍ਹਦੇ ਹਨ। ਇਸੇ ਤਰ੍ਹਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦੇ ਗਿਣਤੀ ਬਹੁਤ ਘੱਟ ਹੋ ਗਈ ਹੈ ਤੇ ਦੁਪਹਿਰ ਸਮੇਂ ਬੱਸਾਂ ਵਿੱਚ ਨਾਂਮਾਤਰ ਹੀ ਸਵਾਰੀਆਂ ਦਿਖਾਈ ਦਿੰਦੀਆਂ ਹਨ। ਗਰਮੀ ਕਾਰਨ ਲੋਕਾਂ ਨੇ ਸੈਰ ਸਪਾਟੇ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ ਜਿਸ ਕਾਰਨ ਟੈਕਸੀਆਂ ਵਾਲੇ ਵੀ ਵਿਹਲੇ ਹੀ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਏਸੀ, ਕੂਲਰਾਂ ਵਾਲੀਆਂ ਦੁਕਾਨਾਂ ’ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਮੌਸਮ ਮਾਹਿਰਾਂ ਅਨੁਸਾਰ ਅਜੇ ਦੋ ਤਿੰਨ ਦਿਨ ਹੋਰ ਗਰਮੀ ਪੈਣ ਦੇ ਅਸਾਰ ਹਨ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 12 ਤੋਂ 5 ਵਜੇਂ ਤੱਕ ਘਰਾਂ ਵਿਚ ਹੀ ਰਹਿਣ ਤੇ ਜ਼ਿਆਦਾ ਪਾਣੀ ਪੀਣ ਤਾਂ ਜੋ ਗਰਮੀ ਬਚਾਅ ਕੀਤਾ ਜਾ ਸਕੇ।