ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਸਤੰਬਰ
ਇੱਥੋਂ ਨੇੜਲੇ ਪਿੰਡ ਖੁਰਾਣਾ ਵਿੱਚ ਪਿਛਲੇ 106 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਉੱਪਰ ਡਟੇ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਡੀਈਓ ਐਲੀਮੈਂਟਰੀ ਮਾਨਸਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ‘ਆਪ 30 ਅਗਸਤ 2023 ਤੋਂ ਅਣ-ਅਧਿਕਾਰਤ ਤੌਰ ’ਤੇ ਗੈਰਹਾਜ਼ਰ ਹੋ।’
ਨੋਟਿਸ ਜਾਰੀ ਕਰਨ ਤੋਂ ਰੋਹ ਵਿੱਚ ਆਏ 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਨਾਲ ਸਬੰਧਤ ਅਧਿਆਪਕਾਂ ਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਤਰ ਦੀਆਂ ਕਾਪੀਆਂ ਸਾੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਸੋਹੀ, ਆਈ.ਈ.ਵੀ. ਪੰਜਾਬ ਦੇ ਪ੍ਰਧਾਨ ਗੁਰਲਾਲ ਸਿੰਘ, ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਵਿਕਾਸ ਵਡੇਰਾ ਨੇ ਕਿਹਾ ਕਿ ਪਿਛਲੇ 106 ਦਿਨਾਂ ਤੋਂ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪਾਲਿਸੀ ਤਹਿਤ ਰੈਗੂਲਰ ਕਰਾਉਣ ਲਈ 8736 ਕੱਚੇ ਅਧਿਆਪਕ ਯੂਨੀਅਨ ਵਲੋਂ ਖੁਰਾਣਾ ਵਿੱਚ ਇੰਦਰਜੀਤ ਸਿੰਘ ਮਾਨਸਾ ਟੈਂਕੀ ਉਪਰ ਡਟਿਆ ਹੋਇਆ ਹੈ ਜਦੋਂ ਕਿ ਹੇਠਾਂ ਪੱਕਾ ਮੋਰਚਾ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਰਨ ਦੱਸੋ ਨੋਟਿਸ ਜਾਰੀ ਕਾਰਨ ’ਤੇ ਪੰਜਾਬ ਭਰ ਦੇ ਕੱਚੇ ਅਧਿਆਪਕਾਂ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਹੈਡਕੁਆਟਰਾਂ ’ਤੇ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਲਿਸੀ ਤਹਿਤ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਤੇ ਹੋਰ ਸਰਕਾਰੀ ਭੱਤਿਆਂ ਤੇ ਮਿਲਣ ਵਾਲੇ ਲਾਭਾਂ ਸਮੇਤ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂ ਡੀਟੀਐਫ਼ ਦੇ ਦਾਤਾ ਸਿੰਘ ਨਮੋਲ, ਸੁਖਜਿੰਦਰ ਸਿੰਘ, ਕਿਰਪਾਲ ਸਿੰਘ, ਈਟੀਯੂ ਦੇ ਅਵਤਾਰ ਸਿੰਘ ਭਲਵਾਨ, ਜਸਵੀਰ ਸਿੰਘ ਲੱਡਾ, ਜੋਤਿੰਦਰ ਸਿੰਘ, ਜਸਵੀਰ ਸਿੰਘ ਗਿੱਲ, ਤਰਕਸ਼ੀਲ ਸੁਸਾਇਟੀ ਦੇ ਜੁਝਾਰ ਸਿੰਘ, ਡੀਟੀਐਫ਼ ਦੇ ਰਘਵੀਰ ਸਿੰਘ ਭਵਾਨੀਗੜ੍ਹ, ਅਮਨ ਵਸ਼ਿਸ਼ਟ, ਸੁਖਵੀਰ ਖਨੌਰੀ, ਜੀਟੀਯੂ ਦੇ ਸਰਬਜੀਤ ਪੁੰਨਾਂਵਾਲ ਆਦਿ ਮੌਜੂਦ ਸਨ।
ਅਧਿਆਪਕਾਂ ਨੇ ਡੀਸੀ ਦਫ਼ਤਰ ਮੂਹਰੇ ਨਾਅਰੇਬਾਜ਼ੀ ਕੀਤੀ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਅਧਿਆਪਕ ਇੰਦਰਜੀਤ ਸਿੰਘ ਮਾਨਸਾ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਰੋਸ ’ਚ 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਦਫ਼ਤਰ ਨੇੜੇ ਰੋਸ ਪ੍ਰਗਟ ਕੀਤਾ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੇਵਾਵਾਂ ਖ਼ਤਮ ਕਰਨ ਲਈ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ। ਜ਼ਿਲ੍ਹਾ ਪ੍ਰਧਾਨ ਬਬੀਤਾ ਨੇ ਕਿਹਾ ਕਿ ਇੰਦਰਜੀਤ ਸਿੰਘ ਮਾਨਸਾ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਪਿੰਡ ਖੁਰਾਣਾ ਵਿੱਚ ਪਾਣੀ ਦੀ ਟੈਂਕੀ ’ਤੇ 106 ਦਿਨਾਂ ਤੋਂ ਧਰਨਾ ਜਾਰੀ ਹੈ ਪਰ ਪੰਜਾਬ ਸਰਕਾਰ ਯੂਨੀਅਨ ਦੀਆਂ ਮੰਗਾਂ ਦੀ ਅਣਦੇਖੀ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਇੰਦਰਜੀਤ ਸਿੰਘ ਮਾਨਸਾ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦਾ ਇਹ ਕਦਮ ਅਧਿਆਪਕ ਵਿਰੋਧੀ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੂ ਇਹ ਪੱਤਰ ਵਾਪਸ ਲੈਣਾ ਚਾਹੀਦਾ ਹੈ ਤੇ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਸ਼ਬੀਰ ਖਾਨ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਅਧਿਆਪਕਾਂ ਨੂੰ ਰੁਜ਼ਗਾਰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਇਸ ਮੌਕੇ ਜਗਜੀਤ ਸਿੰਘ, ਮੁਹੰਮਦ ਆਸਿਫ਼, ਵਿਨੋਦ ਕੁਮਾਰ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਰੁੜਕਾ, ਬਲਬਿੰਦਰ ਸਿੰਘ ਬਿੰਦੀ, ਹਰਿੰਦਰ ਕੌਰ, ਅਮਰਜੀਤ ਕੌਰ ਤੇ ਤਰਸੇਮ ਲਾਲ ਆਦਿ ਨੇ ਵਿਚਾਰ ਪੇਸ਼ ਕੀਤੇ।