ਖੇਤੀਬਾੜੀ ਵਿਕਾਸ ਬੈਂਕ ਦੇਵੀਗੜ੍ਹ ਦਾ ਸਾਲਾਨਾ ਇਜਲਾਸ ਬੈਂਕ ਦਫ਼ਤਰ ਵਿੱਚ ਹੋਇਆ। ਇਸ ਮੌਕੇ ਵਿਕਾਸ ਬੈਂਕ ਦੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੈਂਕ 1987 ਵਿੱਚ ਰਜਿਸਟਰ ਹੋਇਆ ਸੀ। ਉਨ੍ਹਾਂ ਕਿਹਾ ਕਿ ਬੈਂਕ ਕੋਲ ਅੱਠ ਹਜ਼ਾਰ ਮੈਂਬਰ ਹਨ, ਪਰ ਇਨ੍ਹਾਂ ਵਿੱਚੋਂ ਸਿਰਫ਼ 530 ਮੈਂਬਰ ਹੀ ਲੈਣ-ਦੇਣ ਕਰ ਰਹੇ ਹਨ। ਬੈਂਕ ਪ੍ਰਬੰਧਕਾਂ ਨੇ ਦੱਸਿਆ ਕਿ ਸਨ 2024 ਤੱਕ ਬੈਂਕ ਦਾ ਕਾਰੋਬਾਰ 34 ਕਰੋੜ ਦਾ ਚੱਲ ਰਿਹਾ ਸੀ ਅਤੇ ਮੈਂਬਰਾਂ ਦੀ ਇੱਕ ਕਰੋੜ 10 ਲੱਖ ਦੀ ਰਕਮ ਹਿੱਸੇਦਾਰੀ ਵਜੋਂ ਪਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੀ ਹਰ ਸਾਲ ਵਸੂਲੀ ਘਟਦੀ ਜਾ ਰਹੀ ਹੈ, ਜਿਸ ਦਾ ਕਾਰਨ ਬਹੁਤੇ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜਨਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਨੂੰ ਵੰਡੇ ਜਾਣ ਵਾਲੇ ਕਰਜ਼ੇ ਉੱਤੇ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਸੂਲੀ ਨਾ ਹੋਣ ਕਾਰਨ ਮੁੱਖ ਦਫ਼ਤਰ ਵੱਲੋਂ ਬੈਂਕ ਦੀ ਪਿਛਲੇ 9 ਸਾਲਾਂ ਤੋਂ ਕਰਜ਼ਾ ਵੰਡ ਬੰਦ ਕੀਤੀ ਹੋਈ ਹੈ। ਚੇਅਰਮੈਨ ਅਤੇ ਆਮ ਇਜਲਾਸ ਵਿੱਚ ਸ਼ਾਮਲ ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਕਾਸ ਬੈਂਕ ਤੋਂ ਲੋਨ ਪ੍ਰਕਿਰਿਆ ਚਲਦੇ ਕਰਨ ਸਬੰਧੀ ਸਾਰਥਿਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਜਲਾਸ ਮੌਕੇ ਹਾਜ਼ਰ ਕਿਸਾਨ ਆਗੂ ਸੁਖਵਿੰਦਰ ਲਾਲੀ ਨੇ ਕਿਹਾ ਕਿ ਸਰਕਾਰ ਨੂੰ ਕਿਸਾਨ ਦੇ ਕਰਜ਼ੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮਨੈਜਰ ਰੋਹਿਤ ਟੰਡਨ, ਗੁਰਪਿੰਦਰ ਸਿੰਘ ਪ੍ਰਧਾਨ, ਡਰਿਕੈਟਰ ਸੰਤੋਸ਼ ਬੁਧਵਾਰ ਨੰਬਰਦਾਰ, ਬਲਿਹਾਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਲਾਲੀ ਪ੍ਰਧਾਨ ਕਿਸਾਨ ਯੂਨੀਅਨ, ਗੁਰਨਾਮ ਸਿੰਘ, ਜਗਜੀਤ ਸਿੰਘ, ਸੁਰੇਸ਼ ਪਾਲ, ਫੀਲਡ ਅਫਸਰ ਕਰਮਜੀਤ ਸਿੰਘ, ਚੰਚਲ ਕੁਮਾਰ, ਸ਼ੈਲੀ ਸ਼ਰਮਾ, ਰਵਿੰਦਰ ਸਿੰਘ ਅਤੇ ਕਿਸਾਨ ਹਾਜ਼ਰ ਸਨ।

