Brick Prices Skyrocket in Punjab: ਆਮ ਆਦਮੀ ਦੇ ਆਪਣੇ ਘਰ ਦਾ ਸੁਫ਼ਨਾ ਚਕਨਾਚੂਰ
ਇੱਟਾਂ ਦੇ ਭਾਅ ਅਸਮਾਨੀ ਚਡ਼੍ਹੇ; ਮੌਨਸੂਨ ਮਗਰੋਂ ਹੋਰ ਮਹਿੰੰਗੀਆਂ ਹੋਣ ਦੀ ਸੰਭਾਵਨਾ
ਆਮ ਆਦਮੀ ਲਈ ਅੱਜ ਦੇ ਦੌਰ ਵਿੱਚ ਆਪਣਾ ਪੱਕਾ ਮਕਾਨ ਉਸਾਰਨਾ ਵੱਡੀ ਚੁਣੌਤੀ ਬਣ ਗਿਆ ਹੈ, ਕਿਉਂਕਿ ਇੱਟ ਦੇ ਭਾਅ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਅਸਮਾਨੀ ਚੜ੍ਹੇ ਹੋਏ ਹਨ। ਕਸਬਾ ਘੱਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਟਾਂ ਦੀਆਂ ਕੀਮਤਾਂ ਸੁਣ ਕੇ ਆਮ ਲੋਕਾਂ ਦੇ ਹੋਸ਼ ਉੱਡ ਰਹੇ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਇੱਟਾਂ ਦੇ ਭਾਅ ਵਿੱਚ ਤੇਜ਼ੀ ਆ ਸਕਦੀ ਹੈ, ਜਿਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਨਵਾਂ ਘਰ ਬਣਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਕੁਝ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿੱਚ ਇੱਟ ਪੰਜਾਬ ਨਾਲੋਂ ਕਿਤੇ ਮਹਿੰਗੀ ਵਿਕ ਰਹੀ ਹੈ
ਇਸ ਸਮੇਂ ਇੱਟਾਂ ਦਾ ਪਰਚੂਨ ਭਾਅ 11 ਹਜ਼ਾਰ ਰੁਪਏ ਪ੍ਰਤੀ ਇੱਕ ਹਜ਼ਾਰ ਚੱਲ ਰਿਹਾ ਹੈ। ਭੱਠਾ ਮਾਲਕ ਅਤੇ ਵਪਾਰੀ ਇਸ ਸਮੇਂ ਪਰਚੂਨ ਇੱਟ ਸਾਢੇ 10 ਹਜ਼ਾਰ ਤੋਂ 11 ਹਜ਼ਾਰ ਰੁਪਏ ਪ੍ਰਤੀ ਇੱਕ ਹਜ਼ਾਰ ਦੇ ਹਿਸਾਬ ਨਾਲ ਵੇਚ ਰਹੇ ਹਨ, ਜਦਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਤੱਕ ਇਹ ਭਾਅ ਔਸਤਨ ਅੱਠ ਹਜ਼ਾਰ ਰੁਪਏ ਦੇ ਆਸ-ਪਾਸ ਸੀ। ਭੱਠਾ ਮਾਲਕਾਂ ਦਾ ਤਰਕ ਹੈ ਕਿ ਕੋਲਾ, ਤੇਲ, ਬਾਲਣ ਅਤੇ ਲੇਬਰ ਦੇ ਭਾਅ ਬਹੁਤ ਜ਼ਿਆਦਾ ਵਧ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹੁਣ ਇਸ ਕਾਰੋਬਾਰ ਵਿੱਚੋਂ ਕੋਈ ਬੱਚਤ ਨਹੀਂ ਹੋ ਰਹੀ। ਉਹ ਸਿਰਫ਼ ਆਪਣੇ ਵਪਾਰ ਦੇ ਚੱਕਰ ਨੂੰ ਚੱਲਦਾ ਰੱਖਣ ਲਈ ਮਜਬੂਰ ਹਨ। ਇਸ ਵਾਧੇ ਪਿੱਛੇ ਕੌਮਾਂਤਰੀ ਹਾਲਾਤ ਜਿਵੇਂ ਇਰਾਨ-ਅਮਰੀਕਾ ਤਣਾਅ ਅਤੇ ਕੋਲੇ ਦੀ ਕਿੱਲਤ ਨੂੰ ਵੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭੱਠਾ ਉਦਯੋਗ ’ਤੇ ਪਿਆ ਹੈ। ਇਸ ਤੋਂ ਇਲਾਵਾ ਮੌਨਸੂਨ ਦੌਰਾਨ ਇੱਟਾਂ ਦਾ ਉਤਪਾਦਨ ਅਸਥਾਈ ਤੌਰ ’ਤੇ ਬੰਦ ਹੋ ਜਾਂਦਾ ਹੈ। ਇਸ ਮਗਰੋਂ ਭੱਠਾ ਮਾਲਕ ਆਪਣੇ ਹਿਸਾਬ ਨਾਲ ਇੱਟ ਦੀ ਕੀਮਤ ਤੈਅ ਕਰਦੇ ਹਨ। ਇਸ ਮਹਿੰਗਾਈ ਦਾ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਇੱਟਾਂ ਦੇ ਪਰਚੂਨ ਵਿਕਰੇਤਾਵਾਂ ਬੇਅੰਤ ਸਿੰਘ ਅਤੇ ਰਾਮ ਕਰਨ ਨੇ ਦੱਸਿਆ ਕਿ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਕਈ ਲੋਕਾਂ ਨੇ, ਜਿਨ੍ਹਾਂ ਨੇ ਨਵੇਂ ਘਰ ਬਣਾਉਣ ਜਾਂ ਮੁਰੰਮਤ ਦੀ ਯੋਜਨਾ ਬਣਾਈ ਸੀ, ਫਿਲਹਾਲ ਟਾਲ ਦਿੱਤੀ ਹੈ। ਪਿੰਡਾਂ ਵਿੱਚ ਅਜੇ ਵੀ ਕਈ ਪਰਿਵਾਰਾਂ ਕੋਲ ਪੱਕੇ ਮਕਾਨ ਨਹੀਂ ਹਨ ਅਤੇ ਸ਼ਹਿਰਾਂ ਦੀ ਵੱਡੀ ਆਬਾਦੀ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇੱਟਾਂ ਦੇ ਭਾਅ ਲਈ ਠੋਸ ਨੀਤੀ ਬਣਾਈ ਜਾਵੇ।

