Punjabi University Regional Youth Festival: ਖੇਤਰੀ ਯੁਵਕ ਮੇਲੇ ਦੇ ਤੀਜੇ ਦਿਨ ਕਲਾ ਦੇ ਰੰਗ ਬਿਖੇਰੇ
ਅਕਾਲੀ ਆਗੂ ਅਰਵਿੰਦ ਖੰਨਾ ਨੇ ਉਦਘਾਟਨ ਕੀਤਾ
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ 2026 ਜਾਰੀ ਰਿਹਾ। ਸੰਗਰੂਰ ਜ਼ੋਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਦੀ ਅਗਵਾਈ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕਨਵੀਨਰ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਅਤੇ ਸਮੁੱਚੀ ਮੈਨੇਜਮੈਂਟ ਦੇ ਪ੍ਰਬੰਧਾਂ ਹੇਠ ਚੱਲ ਰਹੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਤੀਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਸਿਰਜਣਾਤਮਕਤਾ ਦੇ ਰੰਗ ਬਖੇਰੇ। ਤੀਸਰੇ ਦਿਨ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਮੁੱਖ ਮਹਿਮਾਨ ਵਜੋਂ ਕੀਤਾ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਸੀਨੀਅਰ ਕੌਂਸਲ ਮੈਂਬਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਗਰਚਾ ਅਤੇ ਧਰਮਿੰਦਰ ਸਿੰਘ ਦੁੱਲਟ ਸ਼ਾਮਲ ਹੋਏ।
ਜਾਣਕਾਰੀ ਮੁਤਾਬਕ ਅੱਜ ਤੀਸਰੇ ਦਿਨ ਕਰਵਾਏ ਗਏ ਮੁਕਾਬਲਿਆਂ ਵਿੱਚ ਇਕਾਂਗੀ ਨਾਟਕਾਂ ਦੀ ਪੇਸ਼ਕਾਰੀ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸੇ ਤਰ੍ਹਾਂ ਮਿਮਿਕਰੀ, ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ, ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ ਉਚਾਰਣ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੇਲੇ ਦੌਰਾਨ ਪ੍ਰਸਿੱਧ ਸੰਗੀਤਕਾਰ ਹਰਜੀਤ ਗੁੱਡੂ ਅਤੇ ਗਾਇਕ ਦਲਵਿੰਦਰ ਦਿਆਲਪੁਰੀ, ਉਜਾਗਰ ਅੰਟਾਲ ਅਤੇ ਨਛੱਤਰ ਸਿੰਘ ਭੈਣੀ ਨੇ ਆਪਣੇ ਗੀਤਾਂ ਦੇ ਬੋਲ ਸਾਂਝੇ ਕਰਦਿਆਂ ਮੇਲੇ ਦੀ ਰੌਣਕ ’ਚ ਵਾਧਾ ਕੀਤਾ।
ਚੌਥੇ ਦਿਨ ਦੇ ਮੁਕਾਬਲੇ ਭਲਕੇ ਹੋਣਗੇ
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ 15 ਅਕਤੂਬਰ ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਚੌਥੇ ਅਤੇ ਆਖ਼ਰੀ ਦਿਨ ਦੇ ਮੁਕਾਬਲੇ ਹੁਣ 16 ਅਕਤੂਬਰ ਨੂੰ ਕਰਵਾਏ ਜਾਣਗੇ। ਮੰਚ ਸੰਚਾਲਨ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਵੱਲੋਂ ਨਿਭਾਈ ਗਈ। ਇਸ ਮੌਕੇ ਸੀਨੀਅਰ ਮੈਂਬਰ ਜਥੇਦਾਰ ਬਲਦੇਵ ਸਿੰਘ ਭੰਮਾਂਬੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਹਰਿੰਦਰਵੀਰ ਸਿੰਘ ਕਾਕਾ, ਸਿਆਸਤ ਸਿੰਘ ਦੁੱਗਾਂ, ਯੂਥ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ, ਡਾ. ਮੇਜਰ ਸਿੰਘ ਚੱਠਾ, ਡਾ. ਡੈਨੀ ਸ਼ਰਮਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਮੌਜੂਦ ਸਨ।

