
ਲਹਿਰਾਗਾਗਾ ਦੇ ਜ਼ਮੀਨਦੋਜ਼ ਪੁਲ ਵਿੱਚ ਭਰਿਆ ਪਾਣੀ।
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਮਈ
ਅਤਿ ਦੀ ਗਰਮੀ ਮਗਰੋਂ ਬੀਤੇ ਦਿਨੀਂ ਪਏ ਮੀਂਹ ਦਾ ਪਾਣੀ ਰੇਲਵੇ ਵੱਲੋਂ ਬਣਾਏ ਜ਼ਮੀਨਦੋਜ਼ ਪੁਲ ਵਿੱਚ ਲਗਪਗ 16 ਫੁਟ ਤੱਕ ਭਰ ਗਿਆ, ਜਿਸ ਕਾਰਨ ਸ਼ਹਿਰ ਦਾ ਅੱਧੇ ਇਲਾਕੇ ਨਾਲੋਂ ਸੰਪਰਕ ਟੁੱਟ ਗਿਆ ਹੈ। ਰਾਹ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ, ਪਰ ਪਾਣੀ ਨੂੰ ਬਾਹਰ ਕੱਢਣ ਲਈ ਨਾ ਰੇਲਵੇ ਵਿਭਾਗ ਅਤੇ ਨਾ ਹੀ ਨਗਰ ਕੌਂਸਲ ਖ਼ਬਰ ਲਿਖੇ ਜਾਣ ਤੱਕ ਹਰਕਤ ਵਿੱਚ ਆਇਆ। ਇਹ ਸੜਕ ਲੋਕਾਂ ਲਈ ਆਉਣ-ਜਾਣ ਦਾ ਮੁੱਖ ਰਾਹ ਹੈ। ਹੁਣ ਬੱਸਾਂ ਵਾਲੇ ਵੀ ਇਸ ਪੁਲ ਹੇਠੋਂ ਲੰਘਣ ਦਾ ਜੋਖਮ ਨਹੀਂ ਲੈ ਰਹੇ ਕਿਉਂਕਿ ਪਿਛਲੇ ਸਾਲ ਇੱਥੇ ਬੱਸ ਪਾਣੀ ਵਿੱਚ ਡੁੱਬ ਗਈ ਸੀ ਅਤੇ ਸਵਾਰੀਆਂ ਨੂੰ ਕਾਫ਼ੀ ਮੁਸ਼ਕਲ ਨਾਲ ਬਚਾਇਆ ਗਿਆ ਸੀ। ਬਾਰਸ਼ ਪੈਣ ਅਤੇ ਨਿਕਾਸੀ ਪ੍ਰਬੰਧ ਯੋਗ ਨਾ ਹੋਣ ਕਰਕੇ ਬਾਰਸ਼ ਦੀ ਕਈ ਕਈ ਫੁਟ ਪਾਣੀ ਬਾਜ਼ਾਰ, ਟੈਲੀਫੋਨ ਐਕਸਚੇਂਜ, ਪੁਰਾਣੀ ਗਊਸ਼ਾਲਾ ਰੋਡ, ਹਸਪਤਾਲ, ਰੇਲਵੇ ਚੌਕ, ਐੱਸਡੀਐੱਮ-ਮਾਰਕਿਟ ਕਮੇਟੀ ਦਫ਼ਤਰ ਅੱਗੇ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ।
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜੀਤਾ ਰਾਮ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਿਛਲੇ ਸਾਲ ਨਗਰ ਕੌਂਸਲ ਨੇ ਰੇਲਵੇ ਵਿਭਾਗ ਵੱਲੋਂ ਪਾਣੀ ਜਮ੍ਹਾਂ ਕਰਨ ਵਾਲੇ ਖੂਹਾਂ ਵਿੱਚੋਂ ਟਰੈਕਟਰਾਂ ਰਾਹੀ ਮਿੱਟੀ ਕਢਵਾ ਦਿੱਤੀ ਸੀ ਪਰ ਇਸ ਵਾਰ ਸਫ਼ਾਈ ਸੇਵਕਾਂ ਦੀ ਹੜਤਾਲ ਕਰਕੇ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪਾਣੀ ਕੱਢਣ ਲਈ ਅੱਜ ਸਵੇਰੇ ਤੋਂ ਨਗਰ ਕੌਂਸਲ ਦੇ ਸੱਤ ਕਰਮਚਾਰੀ ਅਤੇ ਦੋ ਟਰੈਕਟਰਾਂ ਲੱਗੇ ਹੋਏ ਹਨ। ‘ਆਪ’ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਲਈ ਰੱਖਿਆ ਸਮਾਰੋਹ ਵੀ ਰੱਦ ਕਰਨਾ ਪਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ