ਪੱਤਰ ਪ੍ਰੇਰਕ
ਸ਼ੇਰਪੁਰ, 8 ਸਤੰਬਰ
ਸ਼ੇਰਪੁਰ ਤੇ ਖੇੜੀ ਕਲਾਂ ਦੇ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਬਜਾਏ ਸੰਘਰਸ਼ ਦੇ ਬਿਗਲ ਮਗਰੋਂ ਹੁਣ 24 ਘੰਟੇ ਨਸ਼ੇ ਰੋਕਣ ਲਈ ਪਹਿਰੇਦਾਰੀ ਕਰਨ ਵਾਲਿਆਂ ਦੀ ਉੱਠਣ, ਬੈਠਣ, ਖਾਣ, ਪੀਣ ਆਦਿ ਦੀ ਸੁਵਿਧਾ ਲਈ ਦਿੱਲੀ ਮੋਰਚੇ ਦੀ ਤਰਜ਼ ’ਤੇ ਟਰਾਲੀਆਂ ਪੁੱਜ ਚੁੱਕੀਆਂ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਨੇ ਨਾਕੇ ਵਾਲੀ ਜਗ੍ਹਾ ’ਤੇ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਲਗਵਾ ਲਏ ਸਨ।
ਸ਼ੇਰਪੁਰ ਦੀ ਯੂਥ ਬ੍ਰਿਗੇਡ ਦੇ ਮੈਂਬਰ ਸੁਨੀਲ ਕੁਮਾਰ ਅਤੇ ਖੇੜੀ ਕਲਾਂ ਦੇ ਕਲੱਬ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਨਸ਼ਿਆਂ ਦੀ ਰੋਕਥਾਮ ਲਈ ਨੌਜਵਾਨਾਂ ਵੱਲੋਂ ਲਗਾਏ ਨਾਕਿਆਂ ਮਗਰੋਂ ਸ਼ੇਰਪੁਰ ਵਿੱਚ ਹੁਣ ਨਸ਼ਿਆਂ ਨੂੰ ਕਾਫ਼ੀ ਠੱਲ੍ਹ ਪਈ ਹੈ। ਆਗੂਆਂ ਅਨੁਸਾਰ ਪਹਿਲਾਂ ਸ਼ੇਰਪੁਰ ਦੀ ਇੱਕ ਖਾਸ ਬਰਾਦਰੀ ਕੋਲ ਨਸ਼ੇ ਲੈਣ ਆਉਂਦੇ ਨਸ਼ਈ ਨੌਜਵਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ ਪਰ ਹੁਣ ਪ੍ਰਚਾਰ ਪਾਸਾਰ ਹੋਣ ਮਗਰੋਂ ਨਸ਼ੇ ਖ਼ਰੀਦਣ ਵਾਲਿਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ।