ਖੇਤਰੀ ਪ੍ਰਤੀਨਿਧ
ਧੂਰੀ, 29 ਜਨਵਰੀ
ਸਥਾਨਕ ਕੱਕੜਵਾਲ ਚੌਕ ਵਿਖੇ ਵੱਧ ਰਹੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਸੰਗਰੂਰ ਦੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ, ਸਥਾਨਕ ਟਰੈਫ਼ਿਕ ਇੰਚਾਰਜ ਸੰਜੇ ਕੁਮਾਰ ਅਤੇ ਪੀ.ਸੀ.ਆਰ ਇੰਚਾਰਜ ਮਿੱਠੂ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਜਿੱਥੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਵਾਏ ਗਏ, ਉਥੇ ਹੀ ਗਲਤ ਤਰੀਕੇ ਨਾਲ ਵਹੀਕਲ ਪਾਰਕ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ।
ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਗਲਤ ਤਰੀਕੇ ਨਾਲ ਪਾਰਕਿੰਗ ਕਰਨ ਵਾਲੇ 10 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ ਹਨ। ਉਨਾਂ ਲੋਕਾਂ ਨੂੰ ਸੜਕ ‘ਤੇ ਵਹੀਕਲ ਨੂੰ ਆਪਣੀ ਦਿਸ਼ਾ ਵਿਚ ਹੀ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਟਰੈਫਿਕ ਜਾਮ ਜਿਹੀ ਸਥਿਤੀ ਅਤੇ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ। ਉਨਾਂ ਸ਼ਹਿਰ ਅੰਦਰਲੇ ਟਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਦੇ ਬਾਹਰ ਸਮਾਨ ਨਾ ਲਗਾਉਣ ਅਤੇ ਆਪਣੇ ਵਹੀਕਲ ਪਾਰਕਿੰਗ ਲਈ ਤੈਅ ਕੀਤੀਆਂ ਥਾਵਾਂ ‘ਤੇ ਲਗਾਉਣ ਦੇ ਨਾਲ-ਨਾਲ ਦੁਕਾਨ ‘ਤੇ ਆਉਣ ਵਾਲੇ ਗ੍ਰਾਹਕਾਂ ਨੂੰ ਵੀ ਆਪਣੇ ਵਹੀਕਲ ਪਾਰਕਿੰਗ ‘ਚ ਲਗਾਉਣ ਲਈ ਪ੍ਰੇਰਿਤ ਕਰਨ।