ਖਨੌਰੀ ਸਰਹੱਦ ’ਤੇ ਹਰਿਆਣਾ ਪੁਲੀਸ ਵੱਲੋਂ ਲਗਾਈਆਂ ਰੋਕਾਂ ਕਿਸਾਨਾਂ ਨੂੰ ਪੁੱਟ ਕੇ ਪਰ੍ਹਾਂ ਮਾਰੀਆਂ

ਖਨੌਰੀ ਸਰਹੱਦ ’ਤੇ ਹਰਿਆਣਾ ਪੁਲੀਸ ਵੱਲੋਂ ਲਗਾਈਆਂ ਰੋਕਾਂ ਕਿਸਾਨਾਂ ਨੂੰ ਪੁੱਟ ਕੇ ਪਰ੍ਹਾਂ ਮਾਰੀਆਂ

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ

ਖਨੌਰੀ ਬਾਰਡਰ (ਸੰਗਰੂਰ), 26 ਨਵੰਬਰ

ਦਿੱਲੀ ਕੂਚ ਕਰਨ ਲਈ ਭਾਵੇਂ ਹਜ਼ਾਰਾਂ ਕਿਸਾਨ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ’ਤੇ ਖਨੌਰੀ ਵਿਖੇ ਸਵੇਰ ਤੋਂ ਪੁੱਜ ਰਹੇ ਹਨ ਪਰ ਬਾਅਦ ਦੁਪਹਿਰ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਕਿ ਰੋਹ ਵਿਚ ਆਏ ਨੌਜਵਾਨ ਕਿਸਾਨਾਂ ਵਲੋਂ ਹਰਿਆਣਾ ਸਰਕਾਰ ਵਲੋਂ ਬਾਰਡਰ ਸੀਲ ਕਰਨ ਲਈ ਲਾਈਆਂ ਰੋਕਾਂ ਨੂੰ ਉਖੇੜ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਕੌਮੀ ਹਾਈਵੇ ਉਪਰ ਹਰਿਆਣਾ ਸਰਕਾਰ ਵਲੋਂ ਸੁੱਟੇ ਵੱਡੇ ਪੱਥਰ ਖਤਾਨਾਂ ਵਿਚ ਸੁੱਟ ਜਾ ਰਹੇ ਹਨ। ਲੋਹੇ ਦੇ ਵੱਡੇ ਬੈਰੀਕੇਡਾਂ ਨਾਲ ਜਿੰਦਰੇ ਲਗਾ ਕੇ ਲਪੇਟੀ ਕੰਡਿਆਲੀ ਤਾਰ ਪੁੱਟ ਦਿੱਤੀ। ਬੀਤੀ ਰਾਤ ਮਿੱਟੀ ਦੇ ਲਗਾਏ ਢੇਰਾਂ ਨੂੰ ਵੀ ਕਿਸਾਨਾਂ ਵਲੋਂ ਕਾਫ਼ੀ ਹੱਦ ਤੱਕ ਖਿੰਡਾ ਦਿੱਤਾ ਗਿਆ ਹੈ। ਭਾਵੇਂ ਹਰਿਆਣਾ ਪੁਲੀਸ ਫੋਰਸ ਵਲੋਂ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੇ ਜੋਸ਼ ਅੱਗੇ ਹਰਿਆਣਾ ਪੁਲੀਸ ਦੀ ਇੱਕ ਨਾਲ ਚੱਲੀ ਅਤੇ ਕਿਸਾਨਾਂ ਵਲੋਂ ਬੈਰੀਕੇਡ ਅਤੇ ਕੰਡਿਆਲੀ ਤਾਰ ਪੁੱਟ ਕੇ ਖਤਾਨਾਂ ਵਿਚ ਸੁੱਟ ਦਿੱਤੀ ਗਈ ਅਤੇ ਅਜੇ ਵੀ ਕਿਸਾਨ ਨਾਕੇਬੰਦੀ ਪੁੱਟਣ ’ਚ ਡਟੇ ਹੋਏ ਹਨ। ਕਿਸਾਨ ਭਾਵੇਂ ਬਾਰਡਰ ਤੋਂ ਪਾਰ ਅੱਗੇ ਚਲੇ ਗਏ ਹਨ ਪਰ ਦਿੱਲੀ ਲਈ ਰਵਾਨਾ ਨਹੀਂ ਹੋਏ ਜੋ ਕਿ ਕਿਸਾਨ ਜਥੇਬੰਦੀਆਂ ਦੇ ਫੈਸਲੇ ਦੀ ਉਡੀਕ ਵਿਚ ਹਨ।

ਅੱਜ ਸਵੇਰ ਤੋਂ ਹੀ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਖਨੌਰੀ ਵਿਖੇ ਪੰਜਾਬ-ਹਰਿਆਣਾ ਬਾਰਡਰ ਤੇ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਹਜ਼ਾਰਾਂ ਕਿਸਾਨਾਂ ਵਲੋਂ ਬਾਰਡਰ ਨਜ਼ਦੀਕ ਧਰਨਾ ਸ਼ੁਰੂ ਕਰ ਦਿੱਤਾ ਗਿਆ। ਵੱਡੀ ਤਦਾਦ ’ਚ ਕਿਸਾਨ ਬੀਬੀਆਂ ਵੀ ਬਾਰਡਰ ਨੇੜੇ ਡਟੀਆਂ ਹੋਈਆਂ ਹਨ ਜਿਨ੍ਹਾਂ ’ਚ ਮੋਦੀ ਸਰਕਾਰ ਖ਼ਿਲਾਫ਼ ਜ਼ੋਸ਼ ਤੇ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਬਾਰਡਰ ਨੇੜੇ ਕਰੀਬ ਤਿੰਨ ਕਿਲੋਮੀਟਰ ਤੱਕ ਕਿਸਾਨਾਂ ਦੀ ਭੀੜ ਜੁਟੀ ਹੋਈ ਹੈ ਅਤੇ ਪੰਜਾਬ ਤੋਂ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਪੁੱਜਣੇ ਜਾਰੀ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All