ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜਨਵਰੀ
ਇੱਥੋਂ ਨੇੜਲੇ ਪਿੰਡ ਭਰਾਜ ਦੀ ਸਰਪੰਚ ਹਰਪਾਲ ਕੌਰ ਦੇ ਪੁੱਤਰ ਰਾਮ ਸਿੰਘ ਸਿੱਧੂ ਨੂੰ ਬੀਤੀ ਸ਼ਾਮ ਪੁਲੀਸ ਵੱਲੋਂ ਗ੍ਰਿਫਤਾਰ ਕਰਨ ਦੀ ਕਾਰਵਾਈ ਖਿਲਾਫ ਅੱਜ ਇੱਥੇ ਥਾਣੇ ਦੇ ਗੇਟ ਅੱਗੇ ਕਾਂਗਰਸੀ ਸਰਪੰਚਾਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਰਾਮ ਸਿੰਘ ਸਿੱਧੂ ਭਰਾਜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਦੇ ਮਜ਼ਦੂਰ ਮੁਹੱਲੇ ਵਿੱਚ ਮਨਦੀਪ ਸਿੰਘ, ਲਖਵਿੰਦਰ ਸਿੰਘ ਲੱਖੀ ਤੇ ਹੈਲੀ ਨੇ ਦੇਸ਼ ਰਾਜ ਅਤੇ ਉਸ ਦੀ ਮਾਤਾ ਨਾਨਕੀ ਕੌਰ ਦੇ ਘਰ ਵਿੱਚ ਦਾਖਲ ਹੋ ਕੇ ਕਥਿਤ ਕੁੱਟਮਾਰ ਕੀਤੀ ਗਈ। ਇਸ ਦਾ ਪਤਾ ਲਗਦਿਆਂ ਉਹ ਆਪਣੀ ਸਰਪੰਚ ਮਾਤਾ ਦੀ ਤਰਫੋਂ ਝਗੜੇ ਵਾਲੀ ਥਾਂ ‘ਤੇ ਪਹੁੰਚ ਗਏ ਪਰ ਮਨਦੀਪ ਸਿੰਘ ਹੁਰਾਂ ਨੇ ਉਸ ਨਾਲ ਵੀ ਦੁਰਵਿਹਾਰ ਕੀਤਾ। ਰਾਮ ਸਿੰਘ ਨੇ ਅੱਗੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਉਕਤ ਖਿਲਾਫ ਪੁਲੀਸ ਚੌਕੀ ਕਾਲਾਝਾੜ ਵਿਖੇ ਸ਼ਿਕਾਇਤ ਲਿਖਾਈ, ਪਰ ਪੁਲੀਸ ਨੇ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਥਾਂ ਉਲਟਾ ਬੀਤੀ ਸ਼ਾਮ ਉਸ ਨੂੰ ਭਰਾ ਕੁਲਦੀਪ ਸਿੰਘ ਸਮੇਤ 107/51 ਅਧੀਨ ਗ੍ਰਿਫਤਾਰ ਕਰ ਲਿਆ ਅਤੇ ਅੱਜ ਜ਼ਮਾਨਤ ‘ਤੇ ਛੱਡਿਆ ਗਿਆ। ਦੇਸ਼ ਰਾਜ ਤੇ ਉਸ ਦੀ ਮਾਤਾ ਨਾਨਕੀ ਕੌਰ ਨੇ ਵੀ ਮਨਦੀਪ ਸਿੰਘ ਆਦਿ ‘ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ।
ਇਸੇ ਦੌਰਾਨ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਸਾਬਕਾ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ, ਸਾਹਬ ਸਿੰਘ ਸਰਪੰਚ ਭੜੋ, ਤੇਜਿੰਦਰ ਸਿੰਘ ਢੀਂਡਸਾ ਸਰਪੰਚ ਚੰਨੋਂ, ਜਗਤਾਰ ਸਿੰਘ ਸਰਪੰਚ ਮੱਟਰਾਂ, ਅਮਰ ਸਿੰਘ ਸਰਪੰਚ ਫਤਿਹਗੜ੍ਹ ਭਾਦਸੋਂ, ਰਾਮ ਸਿੰਘ ਸਰਪੰਚ ਸ਼ਾਹਪੁਰ ਅਤੇ ਮੰਗਤ ਸ਼ਰਮਾ ਸਮੇਤ ਕਾਂਗਰਸੀ ਵਰਕਰਾਂ ਤੇ ਔਰਤਾਂ ਨੇ ਪੁਲੀਸ ਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਬਦਲਾਖੋਰੀ ਕਰਕੇ ਕਾਂਗਰਸੀ ਸਰਪੰਚਾਂ ਤੇ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸੇ ਦੌਰਾਨ ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਸਬ-ਇੰਸਪੈਕਟਰ ਨਿਰਭੈ ਸਿੰਘ ਨੇ ਦੱਸਿਆ ਕਿ ਭਰਾਜ ਵਿਖੇ ਦੋ ਧਿਰਾਂ ਦਾ ਝਗੜਾ ਹੋਇਆ ਸੀ ਅਤੇ ਉਹ ਇਤਲਾਹ ਮਿਲਣ ਉਪਰੰਤ ਘਟਨਾ ਸਥਾਨ ‘ਤੇ ਵੀ ਪਹੁੰਚੇ ਸਨ, ਪਰ ਉਦੋਂ ਝਗੜਾ ਖਤਮ ਹੋ ਗਿਆ ਸੀ। ਇਸ ਸਬੰਧੀ ਇਕ ਧਿਰ ਦੇ ਮਨਦੀਪ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਰਾਮ ਸਿੰਘ ਸਿੱਧੂ ਵਗੈਰਾ ਖਿਲਾਫ 107/51 ਧਾਰਾ ਅਧੀਨ ਕਾਰਵਾਈ ਕੀਤੀ ਗਈ ਹੈ।