ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਨਾਲ ਲੋਹਾ ਲੈਣ ਵਾਲੇ ਆਜ਼ਾਦੀ ਘੁਲਾਟੀਏ ਤੇ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਮਰਹੂਮ ਚੈਨ ਸਿੰਘ ਦਾ ਪੁੱਤਰ ਬਲਕਾਰ ਸਿੰਘ ਅੱਜ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਇਸ ਪਰਿਵਾਰ ਦੀ ਕੋਈ ਸਾਰ ਨਹੀਂ ਲਈ। ਹਾਲਾਤ ਇਹ ਬਣ ਗਏ ਹਨ ਕਿ ਬਲਕਾਰ ਸਿੰਘ ਦੀ ਦੇਖਭਾਲ ਲਈ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਕੈਨੇਡਾ ਵਿੱਚ ਆਪਣਾ ਚੱਲਦਾ ਕਾਰੋਬਾਰ ਛੱਡ ਕੇ ਵਤਨ ਪਰਤਣਾ ਪਿਆ ਹੈ। ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਮਹੀਨਿਆਂ ਤੋਂ ਗੰਭੀਰ ਬਿਮਾਰ ਹਨ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ੋਂ ਆਉਣਾ ਪਿਆ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ 15 ਅਗਸਤ ਵਰਗੇ ਰਾਸ਼ਟਰੀ ਤਿਉਹਾਰ ਉੱਤੇ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਰਿਵਾਰ ਦਾ ਹਾਲ-ਚਾਲ ਪੁੱਛਣ ਨਹੀਂ ਪਹੁੰਚਿਆ। ਇਲਾਕੇ ਦੇ ਪਤਵੰਤਿਆਂ ਨੰਬਰਦਾਰ ਤਸਵੀਰ ਸਿੰਘ ਸ਼ਾਦੀਪੁਰ, ਨੰਬਰਦਾਰ ਕਰਨੈਲ ਸਿੰਘ ਸਰੋਆ, ਨੰਬਰਦਾਰ ਦਰਸ਼ਨ ਸਿੰਘ ਉਪਲੀ ਅਤੇ ਸੁਬੇਗ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਡੀ ਸੀ ਦਫ਼ਤਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਮੌਜੂਦਾ ਹਾਲਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬਲਕਾਰ ਸਿੰਘ ਸਰੋਆ ਦੋ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਕਬੱਡੀ ਦੇ ਨਾਮਵਰ ਖਿਡਾਰੀ ਵਜੋਂ ਜਾਣੇ ਜਾਂਦੇ ਹਨ। ਪਰਿਵਾਰ ਲਈ ਇਸ ਸਮੇਂ ਬਲਕਾਰ ਸਿੰਘ ਦੀ ਸਿਹਤ ਸੰਭਾਲ ਹੀ ਸਭ ਤੋਂ ਵੱਡੀ ਤਰਜੀਹ ਹੈ।
ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਦੀ ਮਦਦ ਕਰਾਂਗੇ: ਡੀ ਸੀ
ਆਜ਼ਾਦੀ ਘੁਲਾਟੀਏ ਚੈਨ ਸਿੰਘ ਦੇ ਪਰਿਵਾਰ ਸਬੰਧੀ ਗੱਲ ਕਰਨ ’ਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਨੂੰ ਸਾਰੇ ਪਰਿਵਾਰਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਅਤੇ ਇਸ ਵਾਰ ਵੀ ਕਈ ਪਰਿਵਾਰ ਪ੍ਰੋਗਰਾਮ ਮੌਕੇ ਸ਼ਾਮਲ ਹੋਏ ਸਨ; ਜੇ ਕਿਸੇ ਪਰਿਵਾਰ ਨੂੰ ਸੱਦਾ ਪੱਤਰ ਨਹੀਂ ਮਿਲਿਆ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਸ ਆਜ਼ਾਦੀ ਘੁਲਾਟੀਏ ਪਰਿਵਾਰ ਦੀ ਜਾਂਚ ਕਰ ਕੇ ਮਾਣ-ਸਨਮਾਨ ਅਤੇ ਪੂਰੀ ਮਦਦ ਕੀਤੀ ਜਾਵੇਗੀ।

