sangrur news: ਐੱਸ ਡੀ ਐੱਮ ਨੂੰ ਮਿਲਣ ਪੁੱਜੇ ਅਧਿਆਪਕਾਂ ਦਾ ਦਫ਼ਤਰ ਅੱਗੇ ਧਰਨਾ
ਪੁਲੀਸ ਵਲੋਂ ਸ਼ਾਂਤ ਕਰਨ ’ਤੇ ਐੱਸ ਡੀ ਐੱਮ ਨੂੰ ਮਿਲੇ; ਗੈਰ-ਵਿੱਦਿਅਕ ਡਿਊਟੀਆਂ ਤੋਂ ਅਧਿਆਪਕ ਖ਼ਫ਼ਾ
ਗੈਰ-ਵਿੱਦਿਅਕ ਕੰਮਾਂ ਵਿਚ ਡਿਊਟੀਆਂ ਲਾਉਣ ਦੇ ਮਾਮਲੇ ਸਬੰਧੀ ਅਧਿਆਪਕ ਐੱਸ ਡੀ ਐੱਮ ਨੂੰ ਮਿਲਣ ਪੁੱਜੇ ਸਨ ਪਰ ਜਦੋਂ ਦਫ਼ਤਰ ਚ ਮੌਜੂਦ ਹੋਣ ਦੇ ਬਾਵਜੂਦ ਐੱਸ ਡੀ ਐੱਮ ਅਧਿਆਪਕਾਂ ਨੂੰ ਨਹੀਂ ਮਿਲੇ ਤਾਂ ਅਧਿਆਪਕਾਂ ਨੇ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਪਤਾ ਲੱਗਦਿਆਂ ਹੀ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਗੁਲਾਬ ਸਿੰਘ ਪੁੱਜੇ ਜਿਨ੍ਹਾਂ ਅਧਿਆਪਕਾਂ ਨੂੰ ਸ਼ਾਂਤ ਕੀਤਾ। ਜਿਸ ਮਗਰੋਂ ਅਧਿਆਪਕ ਐੱਸ ਡੀ ਐੱਮ ਨੂੰ ਮਿਲੇ।
ਐੱਸ ਡੀ ਐੱਮ ਨੂੰ ਮਿਲਣ ਮਗਰੋਂ ਅਧਿਆਪਕ ਵਫ਼ਦ ਦੀ ਅਗਵਾਈ ਕਰ ਰਹੇ ਸੂਬਾ ਕਨਵੀਨਰ ਕ੍ਰਿਸ਼ਨ ਸਿੰਘ ਦੁੱਗਾਂ, ਦੇਵੀ ਦਿਆਲ ਅਤੇ ਸਰਬਜੀਤ ਪੁੰਨਵਾਂਲ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ਵਿੱਚ ਹੀ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਸਮੇਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਕੀਤੇ ਪੱਤਰ ਦੀ ਪਾਲਣਾ ਕੀਤੀ ਜਾਵੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀਆਂ ਨਾ ਲਗਾਈਆਂ ਜਾਣ। ਆਗੂਆਂ ਨੇ ਬੀਐਲਓ ਲਗਾਏ ਗਏ ਇੱਕ ਅਧਿਆਪਕ ਦੀ ਤਨਖਾਹ ਰੋਕਣ ਤੇ ਇਤਰਾਜ਼ ਜ਼ਾਹਿਰ ਕੀਤਾ। ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਤਨਖਾਹ ਰੋਕਣ ਦੇ ਹੁਕਮ ਵਾਪਸ ਲੈ ਲਏ ਜਾਣਗੇ ਅਤੇ ਬੀਐਲਓ ਡਿਊਟੀ ਤੋਂ ਕਰਮਚਾਰੀ ਨੂੰ ਛੋਟ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਈ ਮੰਗਾਂ ਤੇ ਸਹਿਮਤੀ ਬਣੀ।।

