Aided School Teachers ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
ਗਰਾਂਟਾਂ ਰੋਕਣ ਤੇ ਮੰਗਾਂ ਲਟਕਾਉਣ ਦਾ ਦੋਸ਼ ਲਾਇਆ; ਡੀ ਐੱਸ ੲੀ ਦਫ਼ਤਰ ਅੱਗੇ ਧਰਨਾ 21 ਨੂੰ
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ (ਪੰਜਾਬ-1967) ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਐਲਾਨ ਕੀਤਾ ਕਿ ਵਿਭਾਗੀ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਤੋਂ ਤੰਗ ਆ ਕੇ ਸਮੁੱਚਾ ਏਡਿਡ ਸਟਾਫ਼ ਅਤੇ ਪੈਨਸ਼ਨਰਜ਼ 21 ਜੁਲਾਈ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਯੂਨੀਅਨ ਆਗੂ ਮਿਸਰਾ ਸਿੰਘ ਬਮਾਲ ਨੇ ਦੱਸਿਆ ਕਿ 4 ਜੂਨ ਨੂੰ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਅਫ਼ਸਰਾਂ ਨੂੰ ਜਨਵਰੀ ਤੋਂ ਮਾਰਚ ਦੀ ਗਰਾਂਟ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਅਜੇ ਤੱਕ ਲਾਗੂ ਨਹੀਂ ਕੀਤੇ ਗਏ। ਆਗੂਆਂ ਨੇ ਦੋਸ਼ ਲਾਇਆ ਕਿ ਏਡਿਡ ਸਟਾਫ਼ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ ਕਰਨ ਜਾਂ ਟਰਾਂਸਫਰ ਪਾਲਿਸੀ ਬਣਾਉਣ ਲਈ ਉੱਚ ਪੱਧਰੀ ਵਿਭਾਗੀ ਕਮੇਟੀ ਗਠਿਤ ਕਰਨ ਦੇ ਫੈਸਲੇ ’ਤੇ ਕੋਈ ਕਾਰਵਾਈ ਨਹੀਂ ਹੋਈ। ਸੇਵਾਮੁਕਤ ਕਰਮਚਾਰੀਆਂ ਦੇ ਪੀ ਪੀ ਓ ਆਰਡਰ ਲਟਕ ਰਹੇ ਹਨ। ਸਟੇਟ ਕਮੇਟੀ ਮੈਂਬਰਾਂ ਤਰਲੋਚਨ ਸਿੰਘ, ਪਰਮਜੀਤ ਸਿੰਘ, ਰਵਿੰਦਰਜੀਤ ਸਿੰਘ, ਜਗਜੀਤ ਸਿੰਘ, ਅਸ਼ਵਨੀ ਮਦਾਨ, ਚਰਨਜੀਤ ਸ਼ਰਮਾ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਗ਼ਰੀਬ ਬੱਚਿਆਂ ਦੀਆਂ ਵਰਦੀਆਂ ਅਤੇ ਟੂਰ ਦੀਆਂ ਗਰਾਂਟਾਂ ਰੋਕ ਕੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਆਗੂਆਂ ਸਵਰਨਜੀਤ ਕੌਰ, ਅਵਤਾਰ ਸਿੰਘ ਬਰਾੜ, ਪ੍ਰਿੰਸੀਪਲ ਗੀਤਾ ਰਾਣੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 21 ਜੁਲਾਈ ਨੂੰ ਡੀ ਐੱਸ ਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

