Punjab Teachers Protest: ਅਧਿਆਪਕਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ
ਸੰਗਰੂਰ/ਲਹਿਰਾਗਾਗਾ/ਸਮਾਣਾ (ਗੁਰਦੀਪ ਸਿੰਘ ਲਾਲੀ/ਰਮੇਸ਼ ਭਾਰਦਵਾਜ/ਸੁਭਾਸ਼ ਚੰਦਰ): ਸਿੱਖਿਆ ਵਿਭਾਗ ਵੱਲੋਂ ਐੱਸ ਆਈ ਆਰ ਦੇ ਕੰਮ ਕਾਰਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਮੂਹ ਸਟਾਫ਼ ਨੂੰ ਸਕੂਲਾਂ ਵਿੱਚ ਹਾਜ਼ਰ ਰਹਿਣ ਦੇ ਜਾਰੀ ਹੁਕਮਾਂ ਖ਼ਿਲਾਫ਼ ਅਧਿਆਪਕ ਵਰਗ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਵਿਭਾਗ...
ਸੰਗਰੂਰ/ਲਹਿਰਾਗਾਗਾ/ਸਮਾਣਾ (ਗੁਰਦੀਪ ਸਿੰਘ ਲਾਲੀ/ਰਮੇਸ਼ ਭਾਰਦਵਾਜ/ਸੁਭਾਸ਼ ਚੰਦਰ): ਸਿੱਖਿਆ ਵਿਭਾਗ ਵੱਲੋਂ ਐੱਸ ਆਈ ਆਰ ਦੇ ਕੰਮ ਕਾਰਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਮੂਹ ਸਟਾਫ਼ ਨੂੰ ਸਕੂਲਾਂ ਵਿੱਚ ਹਾਜ਼ਰ ਰਹਿਣ ਦੇ ਜਾਰੀ ਹੁਕਮਾਂ ਖ਼ਿਲਾਫ਼ ਅਧਿਆਪਕ ਵਰਗ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਵਿਭਾਗ ਦੇ ਇਸ ਫੈਸਲੇ ਨੂੰ ‘ਨਾਦਰਸ਼ਾਹੀ ਫੁਰਮਾਨ’ ਅਤੇ ਅਧਿਆਪਕਾਂ ਦੇ ਬੁਨਿਆਦੀ ਹੱਕਾਂ ’ਤੇ ਡਾਕਾ ਕਰਾਰ ਦਿੰਦਿਆਂ ਵੱਖ-ਵੱਖ ਇਲਾਕਿਆਂ ਦੇ ਸਕੂਲਾਂ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੰਗਰੂਰ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਹਰ ਮੁਲਾਜ਼ਮ ਨੂੰ ਕੰਮ ਦੇ ਦਿਨਾਂ ਤੋਂ ਬਾਅਦ ਮਾਨਸਿਕ ਤੇ ਸਰੀਰਕ ਅਰਾਮ ਲਈ ਹਫ਼ਤਾਵਾਰੀ ਛੁੱਟੀ ਦੀ ਲੋੜ ਹੁੰਦੀ ਹੈ। ਕਈ ਅਧਿਆਪਕ ਸੈਂਕੜੇ ਕਿਲੋਮੀਟਰ ਦੂਰੋਂ ਡਿਊਟੀ ’ਤੇ ਆਉਂਦੇ ਹਨ। ਬਿਨਾਂ ਵਿਦਿਆਰਥੀਆਂ ਅਤੇ ਬਿਨਾਂ ਕਿਸੇ ਠੋਸ ਕੰਮ ਦੇ ਅਧਿਆਪਕਾਂ ਨੂੰ ਸਕੂਲ ਬੁਲਾਉਣਾ ਸਿਰਫ਼ ਉਨ੍ਹਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨਾ ਹੈ।
ਲਹਿਰਾਗਾਗਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਖੋਰਾ ਕਲਾਂ ਵਿੱਚ ਅਧਿਆਪਕਾਂ ਨੇ ਸਰਕਾਰੀ ਹੁਕਮਾਂ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਅਧਿਆਪਕ ਆਗੂ ਹਰਭਗਵਾਨ ਗੁਰਨੇ ਅਤੇ ਸਤਵੰਤ ਆਲਮਪੁਰ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦਾ ਡੀ ਏ , ਪੁਰਾਣੀ ਪੈਨਸ਼ਨ ਅਤੇ 37 ਤਰ੍ਹਾਂ ਦੇ ਭੱਤੇ ਕੱਟ ਕੇ ਉਨ੍ਹਾਂ ਦੇ ਹੱਕਾਂ ’ਤੇ ਬਹੁਤ ਡਾਕੇ ਮਾਰ ਚੁੱਕੀ ਹੈ। ਹੁਣ ਐਤਵਾਰ ਨੂੰ ਜਬਰੀ ਸਕੂਲ ਬੁਲਾ ਕੇ ਕੌਮ ਦੇ ਨਿਰਮਾਤਾਵਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਮਾਣਾ ਦੇ ਵੱਖ-ਵੱਖ ਸਕੂਲਾਂ ਵਿੱਚ ਟੀਚਰਜ਼ ਫਰੰਟ ਦੇ ਆਗੂਆਂ ਰਾਜਿੰਦਰ ਸਮਾਣਾ, ਹਰਵਿੰਦਰ ਸਿੰਘ ਬੇਲੂ ਮਾਜਰਾ ਅਤੇ ਹੋਰਨਾਂ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਜਿੱਥੇ 25,000 ਅਧਿਆਪਕ ਪਹਿਲਾਂ ਹੀ ਬੀ ਐੱਲ ਓ ਅਤੇ ਸੁਪਰਵਾਈਜ਼ਰ ਵਜੋਂ ਸਕੂਲਾਂ ਤੋਂ ਬਾਹਰ ਡਿਊਟੀ ਕਰ ਰਹੇ ਹਨ, ਉੱਥੇ ਹੁਣ ਸਿੱਖਿਆ ਵਿਭਾਗ ਨੇ ਬਿਨਾਂ ਕਿਸੇ ਸਿਖਲਾਈ ਦੇ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਹੈ। ਜੇ ਬੀ ਐੱਲ ਓ ਦੀ ਸਹਾਇਤਾ ਲਈ ਲੋੜ ਸੀ, ਤਾਂ ਹਰ ਸਕੂਲ ਵਿੱਚੋਂ ਇੱਕ-ਦੋ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਸਕਦੀ ਸੀ, ਪਰ ਸਮੂਹ ਸਟਾਫ਼ ਨੂੰ ਸੱਦਣਾ ਜਾਇਜ਼ ਨਹੀਂ। ਹੱਦ ਤਾਂ ਇਹ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਕੋਈ ਬੂਥ ਨਹੀਂ ਬਣਿਆ, ਉੱਥੇ ਵੀ ਅਧਿਆਪਕਾਂ ਨੂੰ ਪੂਰਾ ਸਮਾਂ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਵਿਭਾਗ ਦੀ ਯੋਜਨਾਬੰਦੀ ਦੀ ਕਮੀ ਨੂੰ ਦਰਸਾਉਂਦਾ ਹੈ। ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਧਿਆਪਕਾਂ ਦਾ ਅਸਲ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ, ਨਾ ਕਿ ਸਿਰਫ਼ ਅੰਕੜੇ ਇਕੱਠੇ ਕਰਨਾ। ਸਰਕਾਰ ਨੂੰ ਸਿੱਖਿਆ ਵਿੱਚ ਇਨਕਲਾਬ ਲਿਆਉਣ ਦੇ ਆਪਣੇ ਮੈਨੀਫੈਸਟੋ ਦੇ ਵਾਅਦੇ ਨੂੰ ਦੁਬਾਰਾ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਕਰਨੈਲ ਫਿਲੌਰ, ਕਿਰਨਦੀਪ ਬੰਗੇ, ਮਾਸਟਰ ਸੋਨੂ, ਮਾਸਟਰ ਪ੍ਰਿੰਸ, ਤਰਨਦੀਪ ਸਿੰਘ, ਸੁਪਿੰਦਰਜੀਤ ਸ਼ਰਮਾ, ਸਤਪਾਲ ਸਮਾਣਾ, ਗੁਰਪ੍ਰੀਤ ਸਿੱਧੂ, ਗੁਰਵਿੰਦਰ ਖੰਗੂੜਾ, ਕਵਲ ਨੈਨ, ਗੁਰਵਿੰਦਰ ਖੱਟੜਾ, ਸਮਿੰਦਰ ਸਿੰਘ, ਮਨਿੰਦਰ ਸਿੰਘ, ਮੈਡਮ ਲਖਵਿੰਦਰ ਕੌਰ, ਮੈਡਮ ਸ਼ੈਲੀ, ਮਨਜੀਤ ਕੌਰ, ਸਰਬਜੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਰੀਟੂ ਸਮੇਤ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ।
ਏਡਿਡ ਸਕੂਲਾਂ ਦੇ ਸਟਾਫ ਨੂੰ ਛੁੱਟੀ ਵਾਲੇ ਦਿਨ ਸੱਦਣ ’ਤੇ ਰੋਸ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਏਡਿਡ ਸਕੂਲਾਂ ਦੇ ਸਮੁੱਚੇ ਸਟਾਫ਼ ਨੂੰ ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਐੱਸ ਆਈ ਆਰ ਸਬੰਧੀ ਹਾਜ਼ਰ ਹੋਣ ਦੇ ਜਾਰੀ ਕੀਤੇ ਹੁਕਮਾਂ ਨੂੰ ਗ਼ੈਰ-ਵਾਜਬ ਅਤੇ ਨਾਦਰਸ਼ਾਹੀ ਕਰਾਰ ਦਿੰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਸਰਕਾਰੀ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰੇ ਕੀਤੇ ਗਏ। ਡੈਮੋਕਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਪਟਿਆਲਾ ਜ਼ਿਲ੍ਹੇ ਦੇ ਕਕਰਾਲਾ, ਫਤਿਹਪੁਰ, ਬੋਲੜ ਕਲਾਂ, ਕੱਕੇਪੁਰ, ਅਲਾਮਦੀਪੁਰ, ਉਲਾਣਾ, ਬਰਸਟ, ਪਟਿਆਲਾ ਕੈਂਟ, ਖੇੜੀ ਜੱਟਾਂ, ਚਪੜ, ਮਾੜੂ ਅਤੇ ਨਨਹੇੜਾ ਸਮੇਤ ਵੱਡੀ ਗਿਣਤੀ ਸਕੂਲਾਂ ਵਿੱਚ ਇਸ ਸਰਕਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ। ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਜਸਪਾਲ ਚੌਧਰੀ, ਰਾਜਿੰਦਰ ਸਮਾਣਾ ਅਤੇ ਗਗਨ ਰਾਣੂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਬੇਲੋੜੇ ਐੱਸ ਆਈ ਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਵੱਲੋਂ ਧਰਾਤਲੀ ਹਾਲਾਤਾਂ ਨੂੰ ਜਾਣੇ ਬਿਨਾਂ ਹੀ ਸਾਰੇ ਸਟਾਫ਼ ਨੂੰ ਸਕੂਲਾਂ ਵਿੱਚ ਬੁਲਾਉਣ ਦਾ ਫਰਮਾਨ ਤੁਗਲਕੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਕੰਮ ਲਈ ਸਿਰਫ਼ ਇੱਕ-ਦੋ ਅਧਿਆਪਕਾਂ ਅਤੇ ਚੌਥਾ ਦਰਜਾ ਕਰਮਚਾਰੀਆਂ ਦੀ ਡਿਊਟੀ ਲਗਾਈ ਜਾ ਸਕਦੀ ਸੀ, ਉੱਥੇ ਸਮੁੱਚੇ ਸਟਾਫ਼ ਨੂੰ ਸੱਦਣਾ ਬੇਲੋੜਾ ਹੈ। ਕਈ ਸਕੂਲਾਂ ਵਿੱਚ ਕੋਈ ਬੂਥ ਨਾ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਪੂਰੇ ਸਮੇਂ ਲਈ ਸਕੂਲ ਬਿਠਾਈ ਰੱਖਣਾ ਬੰਧੂਆ ਮਜ਼ਦੂਰ ਬਣਾਉਣ ਦੇ ਬਰਾਬਰ ਹੈ।

