ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਜਨਵਰੀ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ‘ ਸਕੱਤਰ ਭਜਾਓ, ਸਿੱਖਿਆ ਬਚਾਓ’ ਦੇ ਨਾਅਰਿਆਂ ਨਾਲ ਇਥੇ ਡੀਸੀ ਕੰਪਲੈਕਸ ਅੱਗੇ ਸਕੂਲ ਸਿੱਖਿਆ ਸਕੱਤਰ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋਂ ਹਟਾ ਕੇ ਵੱਖ-ਵੱਖ ਤਰ੍ਹਾਂ ਦੇ ਨਿਰਾਧਾਰ ਅੰਕੜੇ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਤਮਾਕਤਾ ਨੂੰ ਬੁਰੀ ਤਰ੍ਹਾਂ ਰੋਲਣ, ਆਨਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦਾ ਬਦਲ ਬਣਾਉਣ ਸਮੇਤ ਅਧਿਆਪਕਾਂ ਨਾਲ ਜੁੜੇ ਮਸਲਿਆਂ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਰੋਸ ਹੈ।
ਉਨ੍ਹਾਂ ਸਿੱਖਿਆ ਸਕੱਤਰ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਇਸਤੋਂ ਪਹਿਲਾਂ ਡੀਟੀਐਫ਼ ਦੇ ਜ਼ਿਲ੍ਹਾ ਕਮੇਟੀ ਮੈਂਬਰ ਦੀਨਾ ਨਾਥ, ਕਮਲ ਘੋੜੇਨਬ ਸੁਖਪਾਲ ਸਫੀਪੁਰ, ਗੁਰਦੀਪ ਚੀਮਾ ਦੀ ਅਗਵਾਈ ਵਿਚ ਇਕੱਠੇ ਹੋਏ ਅਤੇ ਸਿੱਖਿਆ ਸਕੱਤਰ ਦਾ ਪੁਤਲਾ ਫ਼ੂਕਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘਰਾਜ, ਸੁਖਵਿੰਦਰ ਗਿਰ, ਕਰਮਜੀਤ ਨਦਾਮਪੁਰ ਨੇ ਸੰਬੋਧਨ ਕੀਤਾ। ਕਿਹਾ ਕਿ ਸਿੱਖਿਆ ਸਕੱਤਰ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿੱਚ 100 ਪ੍ਰਤੀਸ਼ਤ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ.
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਸਿੱਖਿਆ ਸਕੱਤਰ ਖਿਲਾਫ਼ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਤੋਂ ਮਾਰਚ ਸ਼ੁਰੂ ਕਰਕੇ ਸ਼ਹਿਦ ਭਗਤ ਸਿੰਘ ਚੌੰਕ ਵਿੱਚ ਪੁਤਲਾ ਫੂਕਿਆ। ਇਕੱਠੇ ਹੋਏ ਅਧਿਆਪਕਾਂ ਨੇ ‘ਸਕੱਤਰ ਭਜਾਓ, ਸਿੱਖਿਆ ਬਚਾਓ’ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਲਾਕ ਪ੍ਰਧਾਨ ਜਗਤਾਰ ਅਤਾਲਾਂ ਅਤੇ ਸਕੱਤਰ ਜਸਪਾਲ ਖਾਂਗ ਨੇ ਕਿਹਾ ਹੈ ਕਿ ਲਾਕ-ਡਾਊਨ ਤੋਂ ਬਾਅਦ ਸਕੂਲ ਖੁੱਲ੍ਹਣ ਮਗਰੋਂ ਵਿਦਿਆਰਥੀ ਤੇ ਅਧਿਆਪਕ ਹਾਲੇ ਵੀ ਆਨਲਾਈਨ ਸਿੱਖਿਆ ਅਤੇ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਦੇ ਚੱਕਰਾਂ ਵਿੱਚ ਪਏ ਹੋਏ ਹਨ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅਧਿਆਪਕਾਂ ਵੱਲੋਂ ਅੱਜ ਇੱਥੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਡੀਟੀਐੱਫ ਪੰਜਾਬ ਦੀ ਬਲਾਕ ਇਕਾਈ ਵੱਲੋਂ ਸਿਟੀ ਪਾਰਕ ਵਿੱਚ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਿੱਖਿਆ ਸਕੱਤਰ ਵੱਲੋਂ ਅਸਲੀ ਸਿੱਖਿਆ ਨੂੰ ਤਬਾਹ ਕਰਕੇ ਸਿਰਫ ਅੰਕੜਿਆਂ ਦੀ ਖੇਡ ਬਣਾਉਣ ਦੀ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹਣ ’ਤੇ ਹੁਣ ਪੇਪਰਾਂ ਦੇ ਨਜਾਇਜ਼ ਦੁਹਰਾ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਅਮਨ ਵਸ਼ਿਸਟ, ਕਰਮਜੀਤ ਨਦਾਮਪੁਰ, ਸੁਖਪਾਲ ਸਫੀਪੁਰ, ਮਾਲਵਿੰਦਰ ਸਿੰਘ, ਅਵਤਾਰ ਸਿੰਘ, ਹਰਕੀਰਤ ਸਿੰਘ, ਇੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਸੁਖਦੇਵ ਸਿੰਘ, ਸਿਕੰਦਰ ਸਿੰਘ, ਏਕਮ, ਮੈਡਮ ਸਤਿੰਦਰ ਕੌਰ ਆਦਿ ਸਨ।