Khalra case ’ਚ ਦੋਸ਼ੀ ਡੀ ਐੱਸ ਪੀ ’ਤੇ ਨਿਸ਼ਾਨਾ ਸੇਧਿਆ
ਪੰਥਕ ਧਿਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ
ਸ਼੍ਰੋਮਣੀ ਦਲ ਪੁਨਰ ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਿਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੇ ਪੰਥਕ ਆਜ਼ਾਦ ਗਰੁੱਪ ਦੇ ਆਗੂਆਂ ਦੇ ਵਫ਼ਦ ਵੱਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਵਫ਼ਦ ਨੇ 1980-95 ਦੇ ਡੇਢ ਦਹਾਕੇ ਦੌਰਾਨ ਪੰਜਾਬ ਵਿੱਚ ਵਾਪਰੇ ਘਟਨਾਕ੍ਰਮ ਤੇ ਨਾਲ ਹੀ ਸਮੁੱਚੇ ਪਹਿਲੂਆਂ ਦੀ ਜਾਂਚ ਲਈ ਉੱਚ ਪੱਧਰੀ ਟਰੁੱਥ ਕਮਿਸ਼ਨ ਕਾਇਮ ਕਰਨ, ਖਾਲੜਾ ਕੇਸ ਦੇ ਸਜ਼ਾਯਾਫ਼ਤਾ ਡੀ ਐੱਸ ਪੀ ਨੂੰ ਲੱਭ ਕੇ ਜੇਲ੍ਹ ਭੇਜਣ ਅਤੇ ‘ਸਤਲੁਜ’ ਫਿਲਮ ਮੁੜ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਆਦਿ ਮੌਜੂਦ ਸਨ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਸੌਂਪਿਆ। ਇਸ ਵਫ਼ਦ ਦੀ ਅਗਵਾਈ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਹਾਜੀ ਮੁਹੰਮਦ ਤੁਫੈਲ ਮਲਿਕ ਅਤੇ ਐਡਵੋਕੇਟ ਹਰਦੀਪ ਸਿੰਘ ਖਟੜਾ ਸਣੇ ਕਈ ਸੀਨੀਅਰ ਆਗੂਆਂ ਨੇ ਕੀਤੀ।
ਐੱਸ ਡੀ ਐੱਮ ਨੂੰ ਮੰਗ ਪੱਤਰ
ਪਟਿਆਲਾ (ਸਰਬਜੀਤ ਸਿੰਘ ਭੰਗੂ): ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਐੱਸ ਡੀ ਐੱਮ ਗੁਰਦੇਵ ਸਿੰਘ ਧੰਮ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਦੇ ਕੇ ‘ਸਤਲੁਜ’ ਫਿਲਮ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਵਫ਼ਦ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਰਵਿੰਦਰ ਸਿੰਘ ਬਿੰਦਾ ਨੇ ਕੀਤੀ। ਇਸ ਮੌਕੇ ਐੱਸ ਜੀ ਪੀ ਸੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ ਆਦਿ ਮੌਜੂਦ ਸਨ।

