ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਖੇਤੀ ਆਰਡੀਨੈਸਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨ ਸੰਘਰਸ਼ ਅਤੇ ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਆਰਡੀਨੈਂਸ ਸਿਰਫ਼ ਕਿਸਾਨ ਮਾਰੂ ਨਹੀਂ ਬਲਕਿ ਮਜਦੂਰਾਂ ਵਪਾਰੀਆਂ ਹਰ ਵਰਗ ਲਈ ਖਤਰਨਾਕ ਹਨ। ਇਸ ਲਈ ਇਸ ਹੱਲੇ ਖਿਲਾਫ਼ ਸਾਰੇ ਵਰਗਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਹੱਲੇ ਖਿਲਾਫ਼ ਵੱਡੀ ਲੋਕ ਲਹਿਰ ਦੀ ਉਸਾਰੀ ਸਮੇਂ ਦੀ ਮੁੱਖ ਲੋੜ ਹੈ।
ਬੀਕੇਯੂ (ਉਗਰਾਹਾਂ) ਪਿੰਡ ਗਾਗਾ ਇਕਾਈ ਦੀ ਚੋਣ
ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਗਾਗਾ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਆਗੂ ਦਰਸ਼ਨ ਚੰਗਾਲੀਵਾਲਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪਿੰਡ ਗਾਗਾ ਦੀ ਇਕਾਈ ਦੀ ਗਠਨ ਕਰ ਕੇ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਸਰਬਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਨੂੰ ਖ਼ਜਾਨਚੀ, ਹਰਜੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਕੁਲਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਜਥੇਬੰਦੀ ਦੇ ਬਲਾਕ ਆਗੂ ਦਰਸ਼ਨ ਸਿੰਘ ਕੋਟੜਾ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਪਟਿਆਲਾ ਵਿਚ ਚੱਲ ਰਹੇ ਪੱਕੇ ਮੋਰਚੇ ’ਚ ਸਹਿਯੋਗ ਕਰਨ ਅਤੇ ਹੋਰ ਸੰਘਰਸ਼ਾਂ ’ਚ ਸ਼ਾਮਲ ਹੋਣ ਦਾ ਪ੍ਰਣ ਲਿਆ।
ਲਖਵਿੰਦਰ ਸਿੰਘ (ਲੱਖੀ) ਨੂੰ ਪ੍ਰਧਾਨ ਚੁਣਿਆ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਪਿੰਡ ਉਭਾਵਾਲ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਖ਼ਿਲਾਫ਼ 25 ਤਰੀਕ ਨੂੰ ਜੋ ਪੰਜਾਬ ਬੰਦ ਦਾ ਸਾਂਝਾ ਸੱਦਾ ਦਿੱਤਾ ਗਿਆ ਹੈ। ਉਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਆਖਿਆ। ਇਸ ਤੋਂ ਇਲਾਵਾ ਯੂਥ ਵਿੰਗ ਦੀ ਚੋਣ ਵੀ ਕੀਤੀ ਗਈ। ਇਸ ਵਿਚ ਲਖਵਿੰਦਰ ਸਿੰਘ (ਲੱਖੀ) ਨੂੰ ਯੂਥ ਵਿੰਗ ਦਾ ਪ੍ਰਧਾਨ, ਹਰਮੰਦਰ ਸਿੰਘ, ਅਮਨਦੀਪ ਸਿੰਘ ਅਤੇ ਕੁਲਵੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ।