ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦਾ ਬਦਲ ਲੱਭ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਸੱਤ ਮੈਂਬਰੀ ਭਰਤੀ ਕਮੇਟੀ ਵਿੱਚ ਇਕਬਾਲ ਸਿੰਘ ਝੂੰਦਾਂ ਨੂੰ ਸ਼ਾਮਲ ਕਰਨ ਪਿਛੋਂ ਉਨ੍ਹਾਂ ਦੀਆਂ ਅਕਾਲੀ ਦਲ ਨਾਲ ਦੂਰੀਆਂ ਵਧ ਗਈਆਂ ਸਨ। ਅਕਾਲੀ ਦਲ ਇਸ ਹਲਕੇ ਅੰਦਰ ਇਕਬਾਲ ਸਿੰਘ ਝੂੰਦਾਂ ਦੇ ਮੁਕਾਬਲੇ ਸਾਧਨ ਸੰਪੰਨ ਕਿਸੇ ਸਮਰੱਥਾਵਾਨ ਅਕਾਲੀ ਆਗੂ ਦੀ ਲੋੜ ਮਹਿਸੂਸ ਕਰ ਰਿਹਾ ਸੀ।
ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਹਲਕਾ ਅਮਰਗੜ੍ਹ ਦੀ ਸਿਆਸੀ ਡੋਰ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਹਵਾਲੇ ਕਰਨ ਦਾ ਲਗਪਗ ਫੈਸਲਾ ਕਰ ਲਿਆ ਹੈ। ਸਾਬਕਾ ਚੇਅਰਮੈਨ ਦਿਓਲ ਨੇ ਇੱਕ ਹਫ਼ਤੇ ਅੰਦਰ ਸੁਖਬੀਰ ਬਾਦਲ ਨਾਲ ਕਈ ਮੀਟਿੰਗਾਂ ਹੋਣ ਦੀ ਪੁਸ਼ਟੀ ਕਰਦਿਆਂ ਅਧਿਕਾਰਿਤ ਐਲਾਨ ਤੋਂ ਪਹਿਲਾਂ ਹੋਰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਰਾਖੀ ਲਈ ਆਪਣੇ ਬਜ਼ੁਰਗਾਂ ਵੱਲੋਂ ਖੂਨ-ਪਸੀਨੇ ਨਾਲ ਸਿੰਜ ਕੇ ਖੜ੍ਹੇ ਕੀਤੇ ਅਕਾਲੀ ਦਲ ਨੂੰ ਮੁੜ ਪੱਕੇ ਪੈਰੀਂ ਕਰਨ ਲਈ ਉਹ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਦਿੱਲੀ ਕਿਸਾਨ ਅੰਦੋਲਨ ਦੌਰਾਨ ਲਗਾਤਾਰ ਲੱਖਾਂ ਰੁਪਏ ਦੇ ਡੀਜ਼ਲ ਦੀ ਸੇਵਾ ਨਿਭਾਉਣ ਵਾਲੇ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਦਿਓਲ 24 ਅਗਸਤ 2013 ਤੋਂ ਮਈ 2016 ਤੱਕ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਚੇਅਰਮੈਨ ਰਹੇ ਹਨ। ਇਸ ਵੇਲੇ ਉਹ ਪੰਜਾਬ ਅੰਦਰ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀਆਂ ਵਿੱਚ ਸ਼ੁਮਾਰ ਹਨ। ਅਕਾਲੀ ਦਲ ਦੇ ਸਟੇਟ ਡੈਲੀਗੇਟ ਗੁਰਸ਼ਰਨ ਸਿੰਘ ਸਰਨਾ ਚੱਠਾ ਨੇ ਜਸਵੀਰ ਸਿੰਘ ਦਿਓਲ ਨੂੰ ਹਲਕਾ ਅਮਰਗੜ੍ਹ ਦਾ ਇੰਚਾਰਜ ਲਾਏ ਜਾਣ ਬਾਰੇ ਪਾਰਟੀ ਹਾਈਕਮਾਂਡ ਵੱਲੋਂ ਵਿਚਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

