SuicideCase: ਪੀੜਤ ਪਰਿਵਾਰ ਸਸਕਾਰ ਨਾ ਕਰਨ ’ਤੇ ਅੜਿਆ
ਕੇਸ ਵਿੱਚ ਇੱਕ ਹੋਰ ਵਿਅਕਤੀ ਨਾਮਜ਼ਦ, ਐੱਸ ਸੀ ਐਕਟ ਦੀਆਂ ਧਾਰਾਵਾਂ ਦਾ ਵਾਧਾ
ਪਿੰਡ ਹਾਮਝੇੜੀ ਵਾਸੀ ਟੈਕਸੀ ਚਾਲਕ ਬਲਜਿੰਦਰ ਸਿੰਘ ਦੀ ਖੁਦਕੁਸ਼ੀ ਮਗਰੋਂ ਭਾਵੇਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ ਪਰ ਮ੍ਰਿਤਕ ਦਾ ਪਰਿਵਾਰ ਹੁਣ ਇਸ ਗੱਲ ’ਤੇ ਅੜ ਗਿਆ ਹੈ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਇਸ ਮਾਮਲੇ ਸਬੰਧੀ ਸ਼ਨਿਚਰਵਾਰ ਨੂੰ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਚਾਰ ਵਿਅਕਤੀਆਂ ਸਮੇਤ ਕੁਝ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਦੇ ਚਲਦਿਆਂ ਐਤਵਾਰ ਨੂੰ ਪੁਲੀਸ ਨੇ ਇੱਕ ਹੋਰ ਵਿਅਕਤੀ ਨੂੰ ਕੇਸ ਵਿੱਚ ਨਾਮਜ਼ਦ ਕਰਨ ਦੇ ਨਾਲ ਨਾਲ ਕੇਸ ਵਿੱਚ ਐੱਸ ਸੀ ਐਕਟ ਦੀਆਂ ਧਾਰਾਵਾਂ ਤਹਿਤ ਵਾਧਾ ਕੀਤਾ ਹੈ। ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਪਰਿਵਾਰ ਨੂੰ ਸ਼ਾਂਤ ਕਰਦਿਆਂ ਮ੍ਰਿਤਕ ਦਾ ਸਸਕਾਰ ਕਰਨ ਦੀ ਅਪੀਲ ਕੀਤੀ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਖਫ਼ਾ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਸਸਕਾਰ ਨਾ ਕਰਨ ਦੀ ਜ਼ਿੱਦ ਉੱਤੇ ਅੜੇ ਹੋਏ ਹਨ। ਇਸ ਦੌਰਾਨ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਜਤਿੰਦਰ ਸਿੰਘ ਮੱਟੂ ਨੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਹਾਮਝੇੜੀ ਵਾਸੀ ਮ੍ਰਿਤਕ ਬਲਜਿੰਦਰ ਸਿੰਘ ਦੇ ਪੁੱਤਰ ਕ੍ਰਿਸ਼ਨ ਸਿੰਘ, ਪਤਨੀ ਕੁਲਦੀਪ ਕੌਰ, ਨੌਜਵਾਨ ਆਗੂ ਜਰਨੈਲ ਸਿੰਘ ਜੈਲੀ, ਸੂਬਾ ਸਿੰਘ, ਖੁਸ਼ੀ ਨੰਬੜਦਾਰ, ਟੈਕਸੀ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਨੀਟਾ ਪਾਤੜਾਂ ਕਿਹਾ ਹੈ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੇਜਰ ਸਿੰਘ, ਕਰਮਜੀਤ ਸਿੰਘ ਉਰਫ਼ ਪੀਚਾ, ਬੰਟੀ ਵਾਸੀ ਪਾਤੜਾਂ, ਦੀਪਕ ਵਾਸੀ ਸਮਾਣਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਹਰਦੇਵ ਸਿੰਘ ਬਿੱਲਾ ਨੂੰ ਨਾਮਜ਼ਦ ਕਰਨ ਦੇ ਨਾਲ ਨਾਲ ਕੇਸ ਵਿੱਚ ਐੱਸ ਸੀ ਐਕਟ ਦੀਆਂ ਧਾਰਾਵਾਂ ਤਹਿਤ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

