ਖ਼ੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਧਰਨਾ ਚੁੱਕਿਆ

ਸਹੁਰੇ ਤੇ ਜੇਠ ਦਾ ਤਿੰਨ ਦਿਨਾਂ ਦਾ ਰਿਮਾਂਡ ਲਿਆ; ਪਤੀ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

ਖ਼ੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਧਰਨਾ ਚੁੱਕਿਆ

ਬੀਰਬਲ ਰਿਸ਼ੀ

ਸ਼ੇਰਪੁਰ, 2 ਅਗਸਤ

ਪਿੰਡ ਟਿੱਬਾ ਦੀ ਵਿਆਹੁਤਾ ਸਿਮਰਨਜੀਤ ਕੌਰ ਉਰਫ਼ ਸੀਮਾ ਸ਼ਰਮਾ ਦੇ ਖ਼ੁਦਕੁਸ਼ੀ ਕਰਨ ਮਗਰੋਂ ਪੇਕਾ ਪਰਿਵਾਰ ਵੱਲੋਂ ਸਿਮਰਨਜੀਤ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲਾਉਂਦਿਆਂ ਨਾਮਜ਼ਦ ਕੀਤੇ ਮ੍ਰਿਤਕਾ ਦੇ ਪਤੀ, ਸਹੁਰਾ ਤੇ ਜੇਠ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਬੀਤੀ ਕੱਲ੍ਹ ਤੋਂ ਸ਼ੇਰਪੁਰ ’ਚ ਲਾਸ਼ ਰੱਖ ਕੇ ਲਗਾਇਆ ਧਰਨਾ ਅੱਜ ਸ਼ਾਮ ਚੁੱਕ ਲਿਆ। ਉਂਜ ਇਸ ਮਾਮਲੇ ’ਚ ਨਾਮਜ਼ਦ ਸੱਸ ਦੀ ਗ੍ਰਿਫ਼ਤਾਰੀ ਬਾਅਦ ਵਿੱਚ ਕਰ ਲੈਣ ’ਤੇ ਪੇਕਾ ਪਰਿਵਾਰ ਦੇ ਸਮਰਥਕ ਸਹਿਮਤ ਹੋ ਗਏ ਜਿਸ ਮਗਰੋਂ ਮਾਮਲਾ ਨਿਪਟ ਗਿਆ। ਯਾਦ ਰਹੇ ਕਿ ਪੇਕਾ ਪਰਿਵਾਰ ਨੇ ਸੀਮਾ ਸ਼ਰਮਾ ਦੇ ਪਤੀ ਸਣੇ ਸਹੁਰਾ ਪਰਿਵਾਰ ’ਤੇ ਦਾਜ ਮੰਗ ਕੇ ਤੰਗ ਕਰਨ ਦੇ ਦੋਸ਼ ਲਗਾਏ ਸਨ ਅਤੇ ਕੱਲ੍ਹ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਮ੍ਰਿਤਕਾ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕਰਦਿਆਂ ਸ਼ੇਰਪੁਰ ’ਚ ਲਾਸ਼ ਰੱਖ ਕੇ ਪੱਕਾ ਧਰਨਾ ਲਗਾਇਆ ਹੋਇਆ ਸੀ।

ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲੀਸ ਨੇ ਸੀਮਾ ਸ਼ਰਮਾਂ ਦੇ ਸਹੁਰੇ ਤੇ ਜੇਠ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਮਗਰੋਂ ਭਾਵੇਂ ਪੇਕਾ ਪਰਿਵਾਰ ਨੇ ਲਾਸ਼ ਨੂੰ ਰਾਤ ਸਮੇਂ ਰਾਮ ਬਾਗ ਰੱਖਿਆ ਤੇ ਧਰਨਾ ਸਮਾਪਤ ਕਰ ਕੇ ਚਲੇ ਗਏ। ਅੱਜ ਸਵੇਰ ਸਮੇਂ ਵੱਡੀ ਗਿਣਤੀ ਲੋਕਾਂ ਨੇ ਕਾਤਰੋਂ ਚੌਂਕ ’ਚ ਮੁੜ ਧਰਨਾ ਲਗਾ ਦਿੱਤਾ। ਬਾਅਦ ਦੁਪਹਿਰ ਐੱਸਐੱਚਓ ਯਾਦਵਿੰਦਰ ਸਿੰਘ ਨੇ ਮੁਜ਼ਾਹਰਾਕਾਰੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਸ ਗੱਲ ’ਤੇ ਸਹਿਮਤ ਕਰ ਲਿਆ ਕਿ ਜੇ ਲੜਕੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਤਾਂ ਉਹ ਧਰਨਾ ਚੁੱਕ ਦੇਣਗੇ।

ਐੱਸਐੱਚਓ ਨੇ ਦੱਸਿਆ ਕਿ ਕੱਲ੍ਹ ਗ੍ਰਿਫ਼ਤਾਰ ਸਹੁਰੇ ਤੇ ਜੇਠ ਦਾ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈ ਜਦੋਂਕਿ ਸੀਮਾ ਦੇ ਪਤੀ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ ਭਲਕੇ ਰਿਮਾਂਡ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All