
ਗੁਰਪ੍ਰੀਤ ਕੌਰ ਦੀ ਫਾਈਲ ਫੋਟੋ।
ਐੱਸਐੱਸਸੱਤੀ
ਮਸਤੂਆਣਾ ਸਾਹਿਬ, 18 ਮਾਰਚ
ਨੇੜਲੇ ਪਿੰਡ ਖਿੱਲਰੀਆਂ ਵਿੱਚ ਕੱਲ੍ਹ ਇਕ ਵਿਆਹੁਤਾ ਵੱਲੋਂ ਆਪਣੇ ਘਰ ਵਿੱਚ ਖੁਦ ਨੂੰ ਅੱਗ ਲਗਾ ਕੇ ਸ਼ੱਕੀ ਹਾਲਾਤਾਂ ਵਿਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਸਦਰ ਪੁਲੀਸ ਨੇ ਸਹੁਰਾ ਪਰਿਵਾਰ ਦੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੇ ਭਰਾ ਗੁਰਸੇਵਕ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭੈਣ ਗੁਰਪ੍ਰੀਤ ਦਾ ਵਿਆਹ ਟੇਕ ਸਿੰਘ ਪੁੱਤਰ ਬੰਤ ਸਿੰਘ ਵਾਸੀ ਖਿੱਲਰੀਆਂ ਨਾਲ 5 ਦਸੰਬਰ 2022 ਨੂੰ ਹੋਇਆ ਸੀ। ਉਸ ਦੀ ਭੈਣ ਪਹਿਲੇ ਦੋ ਮਹੀਨੇ ਖੁਸ਼ ਰਹੀ ਅਤੇ ਬਾਅਦ ਵਿਚ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਲੱਗਾ। ਪਿਛਲੇ ਕਈ ਦਿਨਾਂ ਤੋਂ ਉਹ ਉਦਾਸ ਅਤੇ ਪ੍ਰੇਸ਼ਾਨ ਰਹਿ ਰਹੀ ਸੀ। ਉਧਰ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਜੱਗਾ ਸਿੰਘ ਵੱਲੋਂ ਦਿੱਤੇ ਬਿਆਨਾਂ ਤਹਿਤ ਸੱਸ ਬਲਜੀਤ ਕੌਰ, ਸਹੁਰਾ ਬੰਤ ਸਿੰਘ, ਪਤੀ ਟੇਕ ਸਿੰਘ, ਦੋ ਦਿਓਰ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਖਿਲਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸਹੁਰਾ, ਪਤੀ ਅਤੇ ਦੋਵਾਂ ਦਿਓਰਾਂ ਨੂੰ ਪੁਲੀਸ ਵੱਲੋਂ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿੰਡ ਦੀ ਸਰਪੰਚ ਮਨਜੀਤ ਕੌਰ, ਸਾਬਕਾ ਸਰਪੰਚ ਰਾਮ ਸਿੰਘ, ਡਾ. ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਨਛੱਤਰ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਨੇ ਸਹੁਰਾ ਪਰਿਵਾਰ ਦੇ ਹੱਕ ’ਚ ਨਿਤਰਦਿਆਂ ਪੁਲੀਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਬਰੀਕੀ ਨਾਲ ਜਾਂਚ ਪੜਤਾਲ ਕਰ ਕੇ ਅਗਲੇਰੀ ਕਾਰਵਾਈ ਕਰਨ ਲਈ ਮੰਗ ਕੀਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ